ਨਵੀਂ ਦਿੱਲੀ - ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਯੂ /ਏ ਸਰਟੀਫਿਕੇਟ ਦੇ ਨਾਲ ਮਨਜ਼ੂਰੀ ਦੇ ਦਿੱਤੀ ਹੈ ਪਰ ਫਿਲਮ 'ਚ ਲਗਭਗ 13 ਕਟੌਤੀ ਕਰਨ ਦਾ ਆਦੇਸ਼ ਦਿੱਤਾ ਹੈ। ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਨਿਰਮਾਤਾਵਾਂ ਨੇ ਰਿਵਾਈਜ਼ਿੰਗ ਕਮੇਟੀ ਦੁਆਰਾ ਸਿਫਾਰਿਸ਼ ਕੀਤੀਆਂ ਤਬਦੀਲੀਆਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਸੁਣਵਾਈ ਦੌਰਾਨ, ਜ਼ੀ ਸਟੂਡੀਓਜ਼ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਬੰਬੇ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਫਿਲਮ ਨਿਰਮਾਤਾ ਕਮੇਟੀ ਦੁਆਰਾ ਪ੍ਰਸਤਾਵਿਤ ਸੋਧਾਂ ਲਈ ਸਹਿਮਤ ਹੋ ਗਏ ਹਨ।
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਨਿਰਮਾਤਾਵਾਂ ਨੇ ਸੀਬੀਐਫਸੀ ਦੁਆਰਾ ਸੁਝਾਏ ਗਏ ਬਦਲਾਵਾਂ ਨੂੰ ਲਾਗੂ ਕਰਨ ਦੀ ਰੂਪ ਰੇਖਾ ਪੇਸ਼ ਕੀਤੀ ਸੀ, ਜੋ ਹੁਣ ਬੋਰਡ ਦੇ ਜਵਾਬ ਦੀ ਉਡੀਕ ਕਰ ਰਿਹਾ ਹੈ। ਐਮਰਜੈਂਸੀ ਪਹਿਲਾਂ ਪਿਛਲੇ ਮਹੀਨੇ ਰਿਲੀਜ਼ ਹੋਣੀ ਸੀ, ਪਰ ਸਰਟੀਫਿਕੇਸ਼ਨ ਨਾਲ ਜੁੜੇ ਮੁੱਦਿਆਂ ਕਾਰਨ ਫਿਲਮ ਦੀ ਲਾਂਚਿੰਗ ਲੇਟ ਹੋ ਗਈ ਹੈ। ਇਸ ਦੌਰਾਨ, ਕੰਗਨਾ ਨੇ ਇਹ ਵੀ ਖੁਲਾਸਾ ਕੀਤਾ ਕਿ ਸੈਂਸਰ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਦੇਰੀ ਕਾਰਨ ਫਿਲਮ ਦੀ ਰਿਲੀਜ਼ ਮੁਲਤਵੀ ਹੋਣ ਤੋਂ ਬਾਅਦ ਉਸਨੂੰ ਮੁੰਬਈ ਵਿੱਚ ਆਪਣੀ ਜਾਇਦਾਦ ਵੇਚਣੀ ਪਈ । ਉਨ੍ਹਾਂ ਦਾ ਬਾਂਦਰਾ ਦਾ ਬੰਗਲਾ 32 ਕਰੋੜ ਰੁਪਏ 'ਚ ਵੇਚਿਆ ਗਿਆ ਸੀ। ਉਸਨੇ ਇਹ ਜਾਇਦਾਦ 2017 ਵਿੱਚ 20.7 ਕਰੋੜ ਰੁਪਏ ਵਿੱਚ ਖਰੀਦੀ ਸੀ। ਜਿਕਰਯੋਗ ਹੈ ਕਿ ਇਸ ਫਿਲਮ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇਆ ਦੀ ਕਿਰਦਾਰਕੁਸ਼ੀ ਕਰਣ ਦੇ ਨਾਲ ਸਿੱਖਾਂ ਨੂੰ ਗਲਤ ਰੂਪ ਵਿਚ ਪੇਸ਼ ਕੀਤਾ ਗਿਆ ਹੈ ਜਿਸ ਕਰਕੇ ਸਿੱਖ ਜਗਤ ਵਲੋਂ ਹੋਏ ਵਿਰੋਧ ਨੂੰ ਦੇਖਦਿਆਂ ਫਿਲਮ ਬੋਰਡ ਨੇ ਇਸ ਨੂੰ ਸਰਟੀਫਿਕੇਟ ਦੇਣ ਤੇ ਰੋਕ ਲਗਾ ਦਿੱਤੀ ਸੀ ਤੇ ਹੁਣ ਫਿਲਮ ਵਿੱਚੋ ਵਿਵਾਦਿਤ ਦ੍ਰਿਸ਼ ਹਟਾਣ ਉਪਰੰਤ ਫਿਲਮ ਨੂੰ ਰਿਲੀਜ਼ ਕੀਤੇ ਜਾਣ ਬਾਰੇ ਕਿਹਾ ਹੈ । ਬੰਬੇ ਅਦਾਲਤ ਅੰਦਰ ਚਲ ਰਹੇ ਮਾਮਲੇ 'ਤੇ ਅਗਲੀ ਸੁਣਵਾਈ ਵੀਰਵਾਰ, 3 ਅਕਤੂਬਰ ਨੂੰ ਹੋਵੇਗੀ।