ਅੰਮ੍ਰਿਤਸਰ- ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਇਸ ਵਾਰ ਦਿਵਾਲੀ ਬਾਰੇ ਭਰਮ ਭੁਲੇਖੇ ਪਾਏ ਜਾ ਰਹੇ ਹਨ। ਸਮੁੱਚਾ ਸਿੱਖ ਜਗਤ 1 ਨਵੰਬਰ ਨੂੰ ਸਮੂਹ ਗੁਰੂ ਘਰਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਤੇ ਆਪੋ ਆਪਣੇ ਘਰਾਂ ਵਿੱਚ ਦੇਸੀ ਘਿਓ ਦੇ ਦੀਵੇ ਬਾਲ ਕੇ ਸਭ ਭਾਵਨਾ ਦੀ ਅਰਦਾਸ ਕਰਦਿਆਂ ਹਨੇਰਾ ਦੂਰ ਕਰਨ ਲਈ ਦਿਵਾਲੀ ਮਨਾਏਗਾ ਅਤੇ ਖਾਲਸਾ ਪੰਥ ਦੀ ਮਾਨ ਸ਼ਾਨ ਗੁਰੂ ਦੀਆਂ ਲਾਡਲੀਆਂ ਫੌਜਾਂ 2 ਨਵੰਬਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ:ਛੇਵੀਂ, ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਤੋਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਗੁਰੂ ਬਖਸ਼ਿਸ਼ ਹੋਏ ਨਿਸ਼ਾਨਾਂ, ਨਿਗਾਰਿਆਂ ਨਰਸਿੰਙਿਆਂ ਦੀ ਛਤਰ ਛਾਇਆ ਹੇਠ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਖਾਲਸਾਈ ਜੈਕਾਰਿਆਂ ਨਾਲ ਘੋੜਿਆਂ, ਹਾਥੀਆਂ, ਊਠਾਂ ਅਤੇ ਵੱਖ-ਵੱਖ ਵਾਹਨਾ ਰਾਹੀਂ ਮਹੱਲਾ ਕੱਢਿਆ ਜਾਵੇਗਾ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ:ਛੇਵੀਂ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਅਰੰਭ ਹੋਏ ਜਿਨ੍ਹਾਂ ਦੇ ਭੋਗ 1 ਨਵੰਬਰ ਨੂੰ ਪਏਗਾ ਏਸੇ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅਖੰਡ ਪਾਠ 31 ਨਵੰਬਰ ਨੂੰ ਅਰੰਭ ਹੋਣਗੇ ਜਿਸ ਦਾ ਭੋਗ 2 ਨਵੰਬਰ ਨੂੰ ਸਵੇਰੇ ਪਵੇਗਾ। ਅਖੰਡ ਪਾਠ ਦੀ ਅਰੰਭਤਾ ਅਰਦਾਸ ਬਾਬਾ ਸਤਨਾਮ ਸਿੰਘ ਮਠਿਆਈਸਰ ਨੇ ਕੀਤੀ ਅਤੇ ਬਾਬਾ ਮੱਘਰ ਸਿੰਘ ਹੈਡ ਗ੍ਰੰਥੀ ਬੁੱਢਾ ਦਲ ਦੇ ਜਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਏਸੇ ਤਰ੍ਹਾਂ ਬਾਕੀ ਨਿਹੰਗ ਸਿੰਘ ਛਾਉਣੀਆਂ ਵਿੱਚ ਵੀ ਏਸੇ ਪਰੰਪਰਾ ਅਨੁਸਾਰ ਭੋਗ ਪਾਏ ਜਾਣਗੇ। ਉਨ੍ਹਾਂ ਦਸਿਆ ਕਿ 2 ਨਵੰਬਰ ਨੂੰ ਸਾਰੇ ਨਿਹੰਗ ਸਿੰਘ ਦਲਪੰਥ ਆਪੋ ਆਪਣੀਆਂ ਛਾਉਣੀਆਂ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਮਹੱਲੇ ਲਈ ਤਿਆਰੀ ਅਰੰਭਣਗੇ। ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਇੱਕਤਰ ਹੋ ਨਿਸ਼ਾਨ ਨਿਗਾਰਿਆਂ ਧੌਸਿਆਂ ਦੀ ਛੱਤਰ ਛਾਇਆ ਅਤੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਮਹੱਲਾ ਚੜੇਗਾ ਜਿਸ ਵਿੱਚ ਸਾਰੇ ਦਲ ਪੰਥ ਤੇ ਨਿਹੰਗ ਸਿੰਘ ਸੰਪਰਦਾਵਾਂ, ਜਥੇਬੰਦੀਆਂ ਸ਼ਾਮਲ ਹੋਣਗੀਆਂ। ਇਸ ਮਹੱਲਾ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਨਿਹੰਗ ਸਿੰਘਾਂ ਦਾ ਇੱਕ ਵਿਸ਼ਾਲ ਕਾਫਲਾ ਸੁੰਦਰ ਸ਼ਿੰਗਾਰੇ ਹੋਏ ਹਾਥੀਆਂ, ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਦਲ ਯਾਤਰਾ ਕਰਦੇ ਹੋਏ ਨਿਹੰਗ ਸਿੰਘ ਸ਼ੇਰਾਂਵਾਲਾ ਗੇਟ, ਮਹਾਂਸਿੰਘ ਗੇਟ, ਚੌਂਕ ਰਾਮਬਾਗ, ਹਾਲ ਗੇਟ, ਕਿਲਾ ਗੋਬਿੰਦਗੜ੍ਹ ਰਾਹੀਂ ਰੇਲਵੇ ਕਲੋਨੀ ਬੀ ਬਲਾਕ ਗਰਾਂਉਡ ਵਿਖੇ ਪੁੱਜੇਗਾ।
ਉਨ੍ਹਾਂ ਕਿਹਾ ਕਿ ਕਾਰਸੇਵਾ ਬਾਬਾ ਗੁਰਪਿੰਦਰ ਸਿੰਘ ਵਡਾਲਾ, ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ ਵਾਲੇ ਆਪਣੇ ਸੇਵਕਾਂ ਸਮੇਤ ਛਾਉਣੀ ਬੁੱਢਾ ਦਲ ਵਿਖੇ ਵਿਸ਼ੇਸ਼ ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਹੇ ਹਨ। ਅੱਜ ਦੇ ਸ੍ਰੀ ਅਖੰਡ ਪਾਠ ਦੀ ਅਰੰਭਤਾ ਸਮੇਂ ਬਾਬਾ ਇੰਦਰ ਸਿੰਘ, ਬਾਬਾ ਨਿੱਕਾ ਸਿੰਘ ਜੀਤਾਸਰ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਭਗਤ ਸਿੰਘ, ਬਾਬਾ ਤਰਲੋਕ ਸਿੰਘ ਢੱਡਰੀਆਂ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਕਰਮ ਸਿੰਘ ਜੀਰਕਪੁਰ, ਸ. ਪਰਮਜੀਤ ਸਿੰਘ, ਬਾਬਾ ਧੀਰ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਭੁਪਿੰਦਰ ਸਿੰਘ ਅਨੰਦਪੁਰੀ, ਬਾਬਾ ਚਮਕੌਰ ਸਿੰਘ, ਬਾਬਾ ਕੌਰ ਸਿੰਘ ਖਰੋਦੀ, ਬਾਬਾ ਮੇਜਰ ਸਿੰਘ ਦਿੜਬਾ, ਬਾਬਾ ਪ੍ਰੇਮ ਸਿੰਘ ਵਾਹਿਗੁਰੂ, ਬਾਬਾ ਹਰਬੰਸ ਸਿੰਘ ਲਿਖਾਰੀ, ਬਾਬਾ ਗੋਰਾ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।