ਨਵੀਂ ਦਿੱਲੀ- ਸਿੱਖ ਨੇਤਾ ਹਰਪ੍ਰੀਤ ਸਿੰਘ ਬੰਨੀ ਜੋਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜੱਥੇਦਾਰ ਸਾਹਿਬਾਨ ਨੂੰ ਪਦ ਤੋਂ ਹਟਾਉਣ ਦੇ ਫੈਸਲੇ ਨੂੰ ਦੁੱਖਦਾਇਕ ਦੱਸਦੇ ਹੋਏ ਅੱਜ ਦੇ ਦਿਨ ਨੂੰ ਇਤਿਹਾਸ ਵਿੱਚ ਕਾਲੇ ਦਿਨ ਵੱਜੋਂ ਯਾਦ ਰੱਖੇ ਜਾਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਇਹ ਬਹੁਤ ਦੁੱਖਦਾਇਕ ਗੱਲ ਹੈ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਤਿਹਾਸਕ ਫੈਸਲਾ ਸੁਣਾਉਣ ਵਾਲੇ ਪੰਜ ਸਿੱਖ ਸਾਹਿਬਾਨ ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਦੇ ਪਦ ਤੋਂ ਮੁਕਤ ਕੀਤਾ ਅਤੇ ਅੱਜ ਗਿਆਨੀ ਰਘਵੀਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਦੇ ਪਦ ਤੋਂ ਮੁਕਤ ਕਰਨ ਦਾ ਦੁੱਖਦਾਇਕ ਫੈਸਲਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਅੰਤਰਿਮ ਕਮੇਟੀ ਨੇ ਲਿਆ ਹੈ ਜਿਸਦੀ ਜਿਤਨੀ ਨਿੰਦਾ ਕੀਤੀ ਜਾਏ ਥੋੜੀ ਹੈ। ਉਹਨਾਂ ਕਿਹਾ ਕਿ ਸਿੱਖ ਸੰਗਤ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਆਉਣ ਵਾਲੇ ਚੋਣਾਂ ਵਿੱਚ ਬਾਦਲ ਪਰਿਵਾਰ ਨੂੰ ਇਸ ਦੀ ਸਜਾ ਜ਼ਰੂਰ ਦੇਵੇਗੀ। ਉਹਨਾਂ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਵਿੱਚ ਕਾਲੇ ਦਿਨ ਵੱਜੋਂ ਯਾਦ ਕੀਤਾ ਜਾਵੇਗਾ।