ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਕੌਮੀ ਮਾਰਗ ਬਿਊਰੋ | April 13, 2025 08:16 PM

ਸ੍ਰੀ ਅਨੰਦਪੁਰ ਸਾਹਿਬ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਖ਼ਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਉਪਰੰਤ ਸ੍ਰੀ ਨਾਇਬ ਸਿੰਘ ਸੈਣੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਉਨ੍ਹਾਂ ਦੇ ਰਿਹਾਇਸ਼ ਦਫ਼ਤਰ ਪੁੱਜ ਕੇ ਮੁਲਾਕਾਤ ਕੀਤੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਸੂਬੇ ਵਿੱਚ ਵੱਸਦੇ ਸਿੱਖਾਂ ਦੇ ਮਸਲੇ ਹੱਲ ਕਰਨ ਸਬੰਧੀ ਚੰਗੇ ਮਾਹੌਲ ਵਿੱਚ ਵਿਚਾਰ ਚਰਚਾ ਕੀਤੀ। ਜਥੇਦਾਰ ਗੜਗੱਜ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਲੋਈ, ਸਿੱਖ ਸਾਹਿਤ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਤਸਵੀਰ ਦੇ ਕੇ ਸਨਮਾਨ ਦਿੱਤਾ।
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮਾਮਲੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਨਾਇਬ ਸਿੰਘ ਸੈਣੀ ਨੂੰ ਕਿਹਾ ਕਿ ਸੂਬਾ ਸਰਕਾਰ ਨੂੰ ਜਲਦ ਹੀ ਚੁਣੇ ਹੋਏ ਮੈਂਬਰਾਂ ਸਬੰਧੀ ਸਮੁੱਚੀ ਪ੍ਰਕਿਰਿਆ ਮੁਕੰਮਲ ਕਰਕੇ ਉਨ੍ਹਾਂ ਨੂੰ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਗੁਰੂ ਘਰਾਂ ਦਾ ਪ੍ਰਬੰਧ ਸੌਂਪਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਸਿੱਖ ਕੌਮ ਸਮੁੱਚੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਤੋਂ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਨਾਲ ਸਹਿਮਤ ਨਹੀਂ ਪਰ ਜਦੋਂ ਹੁਣ ਗੁਰਦੁਆਰਾ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਤਾਂ ਪ੍ਰਬੰਧ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਸੌਂਪਣਾ ਚਾਹੀਦਾ ਹੈ ਅਤੇ ਗੁਰੂ ਘਰਾਂ ਵਿੱਚੋਂ ਸਰਕਾਰੀ ਦਖਲ ਖਤਮ ਕਰਨਾ ਚਾਹੀਦਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1925 ਅੱਜ ਵੀ ਕਾਇਮ ਹੈ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਹਰਿਆਣਾ ਦੇ ਸਮੁੱਚੇ ਹਲਕੇ ਕਾਇਮ ਰਹਿਣੇ ਚਾਹੀਦੇ ਹਨ ਕਿਉਂਕਿ ਇਹ ਸਿੱਖ ਵਿਰਾਸਤ ਨਾਲ ਸਬੰਧਤ ਮਾਮਲਾ ਹੈ।
ਇਸੇ ਤਰ੍ਹਾਂ ਜਥੇਦਾਰ ਗੜਗੱਜ ਨੇ ਮੁੱਖ ਮੰਤਰੀ ਹਰਿਆਣਾ ਨੂੰ ਸੂਬੇ ਅੰਦਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਦੀ ਤਰਫ਼ੋਂ ਵਿਸ਼ੇਸ਼ ਉਪਰਾਲੇ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਪੜ੍ਹਣ ਤੇ ਲਿਖਣ ਵਾਲੇ ਮੁਲਾਜ਼ਮ ਲੋੜ ਅਨੁਸਾਰ ਭਰਤੀ ਕਰਕੇ ਤਾਇਨਾਤ ਕਰਨੇ ਚਾਹੀਦੇ ਹਨ। ਜੇਕਰ ਕੋਈ ਹਰਿਆਣਾ ਨਿਵਾਸੀ ਪੰਜਾਬੀ ਵਿੱਚ ਕੋਈ ਪੱਤਰ ਸ਼ਿਕਾਇਤ ਆਦਿ ਸੌਂਪਦਾ ਹੈ ਤਾਂ ਉਸ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਉਨ੍ਹਾਂ ਹਰਿਆਣਾ ਦੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਪੰਜਾਬੀ ਮੁੱਢ ਤੋਂ ਹੀ ਪੜ੍ਹਾਉਣ ਲਈ ਆਖਿਆ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਨਾਇਬ ਸਿੰਘ ਸੈਣੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸੂਬੇ ਅੰਦਰ ਕਿਸੇ ਵੀ ਮੁਕਾਬਲਾ ਜਾਂ ਹੋਰ ਪ੍ਰੀਖਿਆਵਾਂ ਵਿੱਚ ਸਿੱਖ ਪ੍ਰੀਖਿਆਰਥੀਆਂ ਦੇ ਕਕਾਰ ਨਾ ਲੁਹਾਏ ਜਾਣ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਸੂਬੇ ਅੰਦਰ ਸ਼੍ਰੋਮਣੀ ਕਮੇਟੀ ਵੱਲੋਂ ਸ਼ਾਹਬਾਦ ਮਾਰਕੰਡਾ ਵਿਖੇ ਮੀਰੀ-ਪੀਰੀ ਮੈਡੀਕਲ ਕਾਲਜ ਤੇ ਹਸਪਤਾਲ ਰਾਹੀਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਵੱਲੋਂ ਸਥਾਨਕ ਲੋਕਾਂ ਨੂੰ ਸਿਹਤ ਸੇਵਾਵਾਂ ਦੀ ਸਹੂਲਤ ਦੇਣ ਲਈ ਇਹ ਹਸਪਤਾਲ ਅਤੇ ਕਾਲਜ ਸ਼ੁਰੂ ਕੀਤਾ ਹੋਇਆ ਹੈ, ਜਿਸ ਵਿੱਚ ਹਰਿਆਣਾ ਦੀ ਸੂਬਾ ਸਰਕਾਰ ਨੂੰ ਹਰ ਪੱਧਰ ਉੱਤੇ ਸ਼੍ਰੋਮਣੀ ਕਮੇਟੀ ਅਤੇ ਪ੍ਰਬੰਧਕਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਉਠਾਏ ਗਏ ਮਾਮਲਿਆਂ ਨੂੰ ਗੌਰ ਨਾਲ ਸੁਣਿਆ ਅਤੇ ਪੂਰਨ ਸਹਿਯੋਗ ਤੇ ਲੋੜ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਮਲਕੀਤ ਸਿੰਘ, ਵਧੀਕ ਮੈਨੇਜਰ ਸ. ਹਰਦੇਵ ਸਿੰਘ, ਸੂਚਨਾ ਅਧਿਕਾਰੀ ਸ. ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Have something to say? Post your comment

 
 
 

ਹਰਿਆਣਾ

ਧਰਮ ਪ੍ਰਚਾਰ ਹਰਿਆਣਾ ਕਮੇਟੀ ਵੱਲੋਂ ਗੁਰਮਤਿ ਚੇਤਨਾ ਨੂੰ ਪ੍ਰਚੰਡ ਕਰਨ ਲਈ ਗੁਰਮਤਿ ਸਮਾਗਮ ਰਹਿਣਗੇ ਲਗਾਤਾਰ ਜਾਰੀ - ਜਥੇਦਾਰ ਦਾਦੂਵਾਲ

ਅਗਲੀ ਮੀਟਿੰਗ ਵਿੱਚ ਐਸਵਾਈਐਲ ਨੂੰ ਲੈ ਕੇ ਜਰੂਰ ਸਾਰਥਕ ਹੱਲ ਨਿਕਲੇਗਾ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਿਸਾਰ ਦੀ ਅਦਾਲਤ ਨੇ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ ਦੋ ਹਫ਼ਤਿਆਂ ਲਈ ਦਿੱਤੀ ਵਧਾ

ਹਰਿਆਣਾ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ, ਅਪਰਾਧੀ ਅਤੇ ਮਾਫੀਆ ਕਰ ਰਹੇ ਹਨ ਰਾਜ : ਰਣਦੀਪ ਸਿੰਘ ਸੁਰਜੇਵਾਲਾ

ਹਰਿਆਣਾ ਕਮੇਟੀ ਸੀਨੀਅਰ ਮੀਤ ਪ੍ਰਧਾਨ ਵੱਲੋਂ ਸ਼ੁਕਰਾਨਾ ਸਮਾਗਮ ਪਿੰਜੌਰ ਵਿਖੇ ਚੜਦੀਕਲਾ ਨਾਲ ਹੋਇਆ ਸੰਪੰਨ

ਇੰਗਲੈਂਡ ਨਾਲ ਮਿਲ ਕੇ ਮਨਾਇਆ ਜਾਵੇਗਾ ਕੌਮਾਂਤਰੀ ਗੀਤਾ ਜੈਯੰਤੀ ਉਤਸਵ- ਨਾਇਬ ਸਿੰਘ ਸੈਣੀ

ਸੂਬੇ ਨੂੰ ਯੋਗ ਮੁਕਤ, ਨਸ਼ਾ ਮੁਕਤ ਬਨਾਉਣ ਲਈ ਯੋਗ ਮੈਰਾਥਨ ਬਣੀ ਇੱਕ ਸੰਕਲਪ ਯਾਤਰਾ- ਨਾਇਬ ਸਿੰਘ ਸੈਣੀ

ਜਾਸੂਸੀ ਮਾਮਲੇ ਵਿੱਚ ਗ੍ਰਿਫ਼ਤਾਰ ਯੂਟਿਊਬਰ ਜੋਤੀ ਮਲਹੋਤਰਾ ਨੂੰ ਵੱਡਾ ਝਟਕਾ, ਜ਼ਮਾਨਤ ਪਟੀਸ਼ਨ ਰੱਦ

ਬਾਬਾ ਬੰਦਾ ਸਿੰਘ ਬਹਾਦਰ ਨੇ ਧਰਮ ਅਤੇ ਰਾਸ਼ਟਰ ਦੀ ਰੱਖਿਆ ਲਈ ਆਪਣੀ ਜਾਨ ਵਾਰ ਦਿੱਤੀ: ਪੰਡਿਤ ਮੋਹਨ ਲਾਲ ਬਰੋਲੀ

ਚੋਣ ਕਮਿਸ਼ਨ ਸਰਕਾਰੀ ਕਠਪੁਤਲੀ- ਰਣਦੀਪ ਸੁਰਜੇਵਾਲਾ