ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ 19 ਅਤੇ 20 ਅਪ੍ਰੈਲ ਨੂੰ ਆਯੋਜਿਤ ਕੀਤੇ ਜਾ ਰਹੇ ਦਿੱਲੀ ਫਤਿਹ ਦਿਵਸ ਸਮਾਗਮਾਂ ਵਾਸਤੇ ਲਾਲ ਕਿਲ੍ਹੇ ’ਤੇ ਚਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਜਾਇਜ਼ਾ ਲੈਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਨੇ ਦੱਸਿਆ ਕਿ ਦਿੱਲੀ ਫਤਿਹ ਦਿਵਸ ਜੋ ਕਿ ਹਰ ਸਾਲ 1783 ਨੂੰ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਖਾਲਸਾਈ ਫੌਜ ਵੱਲੋਂ ਲਾਲ ਕਿਲ੍ਹੇ ’ਤੇ ਫਤਿਹ ਕਰਨ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਇਸ ਵਾਰ ਵੀ ਲਾਲ ਕਿਲ੍ਹੇ ’ਤੇ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਪਹਿਲੇ ਦਿਨ 19 ਅਪ੍ਰੈਲ ਨੂੰ ਸ਼ਾਮ 6.00 ਵਜੇ ਤੋਂ ਰਾਤ 12.00 ਵਜੇ ਤੱਕ ਕੀਰਤਨ ਦਰਬਾਰ ਸਜਾਏ ਜਾਣਗੇ ਜਿਸ ਵਿਚ ਰਾਗੀ ਸਿੰਘਾਂ ਦੇ ਜੱਥੇ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਹਨਾਂ ਦੱਸਿਆ ਕਿ ਅਗਲੇ ਦਿਨ 20 ਅਪ੍ਰੈਲ ਨੂੰ ਛੱਤਾ ਪੁੱਲ ਤੋਂ ਜਰਨੈਲੀ ਮਾਰਚ ਸਜਾਇਆ ਜਾਵੇਗਾ ਜਿਸ ਵਿਚ ਗੁਰੂ ਕੀਆਂ ਲਾਡੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਸੰਗਠਨ ਮਾਰਚ ਦਾ ਹਿੱਸਾ ਬਣਨਗੇ ਤੇ ਇਹ ਮਾਰਚ ਲਾਲ ਕਿਲ੍ਹੇ ’ਤੇ ਪਹੁੰਚ ਕੇ ਸੰਪੰਨ ਹੋਵੇਗਾ। ਉਹਨਾਂ ਕਿਹਾ ਕਿ ਇਹਨਾਂ ਦਿੱਲੀ ਫਤਿਹ ਦਿਵਸ ਸਮਾਗਮਾਂ ਵਿਚ ਸੰਗਤ ਦੀ ਸ਼ਮੂਲੀਅਤ ਵਾਸਤੇ ਅਸੀਂ ਦਿੱਲੀ ਦੇ ਹਰ ਕੋਨੇ ਵਿਚ ਬੱਸਾਂ ਦਾ ਪ੍ਰਬੰਧ ਕੀਤਾ ਹੈ ਤੇ ਇਲਾਕੇ ਦੇ ਲੋਕ ਦਿੱਲੀ ਗੁਰਦੁਆਰਾ ਕਮੇਟੀ ਦੇ ਸਬੰਧਤ ਮੈਂਬਰ ਨਾਲ ਤਾਲਮੇਲ ਕਰ ਕੇ ਸਮਾਗਮ ਵਾਲੀ ਥਾਂ ਪਹੁੰਚ ਸਕਦੇ ਹਨ। ਇਹ ਬੱਸਾਂ ਸੰਗਤਾਂ ਨੂੰ ਲਿਆਉਣ ਤੇ ਛੱਡਣ ਦੋਵਾਂ ਤਰੀਕੇ ਦੇ ਕੰਮ ਕਰਨਗੀਆਂ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪ੍ਰੋਗਰਾਮ ਦਾ ਹਿੱਸਾ ਬਣਨ।