ਸ੍ਰੀ ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂਟਿਊਬਰ ਧਰੁਵ ਰਾਠੀ ਵੱਲੋਂ ਸਿੱਖ ਗੁਰੂ ਸਾਹਿਬਾਨ ਤੇ ਸਾਹਿਬਜ਼ਾਦਿਆਂ ਨੂੰ ਫਿਲਮਾਂਕਣ ਕਰਦੀ ਏਆਈ ਐਨੀਮੇਸ਼ਨ ਵੀਡੀਓ ਪ੍ਰਕਾਸ਼ਿਤ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਉਸ ਨੂੰ ਇਹ ਵੀਡੀਓ ਤੁਰੰਤ ਹਟਾਉਣ ਲਈ ਆਖਿਆ ਹੈ। ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਬਿਆਨ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਧਰੁਵ ਰਾਠੀ ਨੇ ਅਜਿਹੀ ਵੀਡੀਓ ਜਾਰੀ ਕਰਕੇ ਸਿੱਖ ਰਵਾਇਤਾਂ, ਇਤਿਹਾਸ ਅਤੇ ਭਾਵਨਾਵਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖੀ ਸਿਧਾਂਤ ਵਿੱਚ ਸਪੱਸ਼ਟ ਹੈ ਕਿ ਗੁਰੂ ਸਾਹਿਬ, ਸਾਹਿਬਜ਼ਾਦਿਆਂ, ਗੁਰੂ ਪਰਿਵਾਰ ਤੇ ਸ਼ਹੀਦਾਂ ਨੂੰ ਫਿਲਮਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਐਨੀਮੇਸ਼ਨ ਦੇ ਵਿੱਚ ਦਿਖਾਇਆ ਜਾ ਸਕਦਾ ਹੈ।
ਜਥੇਦਾਰ ਗੜਗੱਜ ਨੇ ਧਰੁਵ ਰਾਠੀ ਨੂੰ ਸਖ਼ਤੀ ਨਾਲ ਆਖਿਆ ਕਿ ਉਹ ਆਪਣੇ ਚੈਨਲ ਤੋਂ ਜਾਰੀ ਕੀਤੀ ਗਈ ਇਤਰਾਜ਼ਯੋਗ ਵੀਡੀਓ ਤੁਰੰਤ ਹਟਾਏ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਫਿਲਮਾਂ ਸਬੰਧੀ ਹੋਈ ਇਕੱਤਰਤਾ ਵਿੱਚ ਏਆਈ ਐਨੀਮੇਸ਼ਨ ਦਾ ਮਾਮਲਾ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ ਸੀ, ਜਿਸ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਇਸ ਤਕਨਾਲੋਜੀ ਦੇ ਮਾਹਰਾਂ ਨਾਲ ਬੈਠਕ ਕਰਕੇ ਠੋਸ ਨੀਤੀ ਘੜੀ ਜਾਵੇਗੀ ਤਾਂ ਜੋ ਅਜਿਹੀ ਗੁਰਮਤਿ ਵਿਰੋਧੀ ਕਾਰਵਾਈ ਨੂੰ ਪੱਕੇ ਤੌਰ ਉੱਤੇ ਠੱਲ੍ਹਿਆ ਜਾ ਸਕੇ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਅੱਜ ਦੇ ਤਕਨਾਲੋਜੀ ਦੇ ਯੁੱਗ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਬਣ ਰਹੀਆਂ ਫ਼ਿਲਮਾਂ ਦਾ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ ਅਤੇ ਇਸਦਾ ਹੱਲ ਵੀ ਗੰਭੀਰਤਾ ਨਾਲ ਹੀ ਕੱਢਿਆ ਜਾਣਾ ਚਾਹੀਦਾ ਹੈ।
ਜਥੇਦਾਰ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਕਿ ਧਰੁਵ ਰਾਠੀ ਦੇ ਮਾਮਲੇ ਵਿੱਚ ਸਰਕਾਰ ਦੇ ਸਬੰਧਤ ਮੰਤਰਾਲੇ ਨਾਲ ਸੰਪਰਕ ਕਰਕੇ ਜਾਰੀ ਕੀਤੀ ਗਈ ਵੀਡੀਓ ਨੂੰ ਹਟਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਇਹ ਹਦਾਇਤ ਵੀ ਕੀਤੀ ਕਿ ਫ਼ਿਲਮਾਂ ਸਬੰਧੀ ਬੀਤੇ ਸਮੇਂ ਆਪਣੇ ਕੀਤੇ ਮਤਿਆਂ ਅਤੇ ਫ਼ੈਸਲਿਆਂ ਦਾ ਵੱਖ-ਵੱਖ ਭਾਸ਼ਾਵਾਂ ਵਿੱਚ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੀ ਹਰਕਤਾਂ ਅਗਾਂਹ ਤੋਂ ਨਾ ਹੋਣ।