ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਹਾਈ ਕੋਰਟ ਵਿਚ ਕਮੇਟੀ ਚੋਣਾਂ ਕਰਵਾਉਣ ਦੇ ਮਾਮਲੇ ’ਤੇ ਹੋਈ ਸੁਣਵਾਈ ਦੌਰਾਨ ਨਵੀਂਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਚੋਣਾਂ ਕਰਵਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਹੀ ਪਿਛਲੇ ਸਮੇਂ ਵਿਚ ਨਵੀਂਆਂ ਵੋਟਰ ਸੂਚੀਆਂ ਦਾ ਵਿਰੋਧ ਕੀਤਾ ਸੀ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਤੰਬਰ 2012 ਵਿਚ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਸੀ ਕਿ ਵੋਟਰ ਸੂਚੀਆਂ ਸੋਧਣ ਦੀ ਬਜਾਏ ਨਵੇਂ ਸਿਰੇ ਤੋਂ ਵੋਟਰ ਸੂਚੀਆਂ ਬਣਾ ਕੇ ਚੋਣਾਂ ਕਰਵਾਈਆਂ ਜਾਣ। ਉਹਨਾਂ ਕਿਹਾ ਕਿ ਇਸ ਉਪਰੰਤ ਵੀ ਮਨਜੀਤ ਸਿੰਘ ਜੀ.ਕੇ. ਨੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ ਤੇ ਇਹ ਕਹਿ ਦਿੱਤਾ ਸੀ ਕਿ ਸੋਧੀਆਂ ਹੋਈਆਂ ਸੂਚੀਆਂ ਮੁਤਾਬਕ ਵੋਟਾਂ ਕਰਵਾਈਆਂ ਜਾਣ। ਉਹਨਾਂ ਕਿਹਾ ਕਿ ਸਾਰੀ ਸੰਗਤ ਚਾਹੁੰਦੀ ਹੈ ਕਿ ਵੋਟਰ ਸੂਚੀਆਂ ਜੋ 40 ਸਾਲਾਂ ਤੋਂ ਨਵੀਂਆਂ ਨਹੀਂ ਬਣੀਆਂ, ਉਹਨਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ ਅਤੇ ਨਵੀਂਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ। ਉਹਨਾਂ ਕਿਹਾ ਕਿ ਮੁੱਖ ਸਕੱਤਰ ਦਿੱਲੀ ਸਰਕਾਰ ਨੇ ਵੀ ਅਦਾਲਤ ਵਿਚ ਕਹਿ ਦਿੱਤਾ ਹੈ ਕਿ ਅਸੀਂ ਸਮੇਂ ਸਿਰ ਚੋਣਾਂ ਕਰਵਾਵਾਂਗੇ ਤਾਂ ਅਸੀਂ ਵੀ ਇਸ ਬਿਆਨ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਸਵਾਲਾਂ ਦੇ ਜਵਾਬ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਬੇਸ਼ੱਕ ਮਨਜੀਤ ਸਿੰਘ ਜੀ.ਕੇ. ਅਤੇ ਉਹਨਾਂ ਦੇ ਨਵੇਂ ਬਣੇ ਸਾਥੀ ਇਹ ਦਾਅਵੇ ਕਰ ਰਹੇ ਹਨ ਕਿ ਅਸੀਂ ਧੱਕੇ ਨਾਲ ਅਹੁਦੇਦਾਰ ਬਣੇ ਹਾਂ ਤਾਂ ਉਹ ਸਪਸ਼ਟ ਦੱਸਣਾ ਚਾਹੁੰਦੇ ਹਨ ਕਿ ਪਹਿਲਾਂ ਸੰਗਤ ਦਾ ਭਰੋਸਾ ਜਿੱਤਣਾ ਜ਼ਰੂਰੀ ਹੈ ਤੇ ਫਿਰ ਭਰੋਸੇ ਦੇ ਸਿਰ ’ਤੇ ਚੋਣਾਂ ਜਿੱਤ ਕੇ ਬਹੁਮਤ ਲੈਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਾਡੇ 30 ਮੈਂਬਰ ਇਕ ਪਾਸੇ ਸੀ ਤੇ ਇਹਨਾਂ ਦੇ 4 ਪਾਰਟੀਆਂ ਦੇ 21 ਮੈਂਬਰ ਇਕਪਾਸੇ ਸੀ। ਉਹਨਾਂ ਕਿਹਾ ਕਿ ਸੰਗਤ ਨੇ ਆਪ ਸੇਵਾ ਸਾਡੀ ਝੋਲੀ ਪਾਈ ਹੈ ਤੇ ਅਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ। ਮਿਡ ਟਰਮ ਚੋਣਾਂ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਦੇ ਨਵੇਂ ਬਣੇ ਸਾਥੀਆਂ ਸਰਨਾ ਭਰਾਵਾਂ ਨੇ ਉਹਨਾਂ ਖਿਲਾਫ ਕੋਰਟ ਵਿਚ ਕੇਸ ਪਾਏ ਹਨ, ਜੇਕਰ ਉਹ ਕੇਸ ਵਾਪਸ ਲੈ ਲੈਣ ਤਾਂ ਉਹ 24 ਘੰਟਿਆਂ ਦੇ ਅੰਦਰ-ਅੰਦਰ ਮਿਡ ਟਰਮ ਚੋਣਾਂ ਦਾ ਐਲਾਨ ਕਰ ਦੇਣਗੇ।