ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿਚ ਲੱਗਣ ਵਾਲੇ ਕੈਂਪਾਂ ਵਾਸਤੇ ਬੱਚਿਆਂ ਵੱਲੋਂ ਗੁਰਬਾਣੀ ਨਾਲ ਜੁੜਨ ਵਾਸਤੇ ਬਹੁਤ ਉਤਸ਼ਾਹ ਮਿਲ ਰਿਹਾ ਹੈ ਅਤੇ 15 ਜੂਨ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ 10 ਹਜ਼ਾਰ ਤੋਂ ਜ਼ਿਆਦਾ ਬੱਚੇ ਜਪੁਜੀ ਸਾਹਿਬ ਦੇ ਪਾਠ ਦਾ ਇਕੱਠਿਆਂ ਜਾਪ ਕਰਨਗੇ। ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਗਰਮੀ ਦੀਆਂ ਛੁੱਟੀਆਂ ਵਿਚ ਵਿਸ਼ੇਸ਼ ਕੈਂਪ ਲਾਉਣ ਦੇ ਉਪਰਾਲਿਆਂ ਨੂੰ ਵੱਡਾ ਉਤਸ਼ਾਹ ਮਿਲਿਆ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਨਾਲ-ਨਾਲ ਹਰਿਆਣਾ, ਯੂ.ਪੀ. ਤੇ ਹੋਰ ਰਾਜਾਂ ਤੋਂ ਬੱਚਿਆਂ ਨੇ ਇਹਨਾਂ ਕੈਂਪਾਂ ਪ੍ਰਤੀ ਬਹੁਤ ਉਤਸ਼ਾਹ ਵਿਖਾਇਆ ਹੈ।
ਉਹਨਾਂ ਕਿਹਾ ਕਿ ਇਸ ਵਾਰ ਅਸੀਂ ਵਿਸ਼ੇਸ਼ ਮੁਹਿੰਮ ਵਜੋਂ 15 ਜੂਨ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਜਪੁਜੀ ਸਾਹਿਬ ਜੀ ਦੇ ਪਾਠ ਦੇ ਉਚਾਰਣ ਵਾਸਤੇ ਵਿਸ਼ੇਸ਼ ਮੁਹਿੰਮ ਉਲੀਕੀ ਹੈ ਜਿਸ ਤਹਿਤ ਗ੍ਰੰਥ ਸਿੰਘ ਪਹਿਲਾਂ ਪਾਠ ਦਾ ਉਚਾਰਣ ਕਰਨਗੇ ਜਿਹਨਾਂ ਪਿੱਛੋਂ ਬੱਚੇ ਤੇ ਫਿਰ ਉਹਨਾਂ ਦੇ ਅਧਿਆਪਕ ਤੇ ਮਾਪੇ ਵੀ ਇਸ ਪਾਠ ਦਾ ਉਚਾਰਣ ਕਰਨਗੇ। ਉਹਨਾਂ ਕਿਹਾ ਕਿ ਜਦੋਂ 10 ਹਜ਼ਾਰ ਬੱਚੇ ਇਸ ਪਾਠ ਦਾ ਉਚਾਰਣ ਕਰਨਗੇ ਤਾਂ ਆਪਣੇ ਆਪ ਵਿਚ ਸਮਾਂ ਬੱਧ ਜਾਵੇਗਾ ਤੇ ਇਸ ਅਲੋਕਿਕ ਨਜ਼ਾਰੇ ਨੂੰ ਵੇਖਦਿਆਂ ਹੀ ਲੋਕ ਮੰਤਰ ਮੁਗਧ ਹੋ ਜਾਣਗੇ।
ਉਹਨਾਂ ਕਿਹਾ ਕਿ ਅਸੀਂ ਇਸ ਵਾਰ ਦੇ ਕੈਂਪਾਂ ਵਾਸਤੇ ਵਿਸ਼ੇਸ਼ ਕਿਤਾਬਾਂ ਵੀ ਤਿਆਰ ਕਰਵਾਈਆਂ ਹਨ ਤਾਂ ਜੋ ਬੱਚਿਆਂ ਨੂੰ ਗੁਰਬਾਣੀ ਦੇ ਰਸਭਿੰਨੇ ਪਾਠ ਨਾਲ ਜੋੜਿਆ ਜਾ ਸਕੇ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਪ੍ਰੋਗਰਾਮਾਂ ਵਿਚ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਵਾਉਣ ਤਾਂ ਜੋ ਇਹ ਪ੍ਰੋਗਰਾਮ ਸਫਲ ਹੋ ਸਕਣ।