ਨਵੀਂ ਦਿੱਲੀ - ਨਸਲੀ ਮਤਭੇਦ ਦੇ ਸ਼ਿਕਾਰ ਹੋਏ ਸਿੱਖਾਂ ਨਾਲ 111 ਸਾਲ ਪਹਿਲਾਂ ਵਾਪਰੇ ਕਾਮਾਗਾਟਾਮਾਰੂ ਸਾਕੇ ਦੀ ਬਰਸੀ ਮੌਕੇ ਕੈਨੇਡੀਅਨ ਸਿੱਖਾਂ ਵਲੋਂ ਉਨ੍ਹਾਂ ਦੇ ਯਾਦਗਾਰ ਅਸਥਾਨ ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਅਰਪਣ ਕਰਣ ਦੇ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ। ਜਿਕਰਯੋਗ ਹੈ ਕਿ ਕਾਮਾਗਾਟਾ ਮਾਰੂ (ਗੁਰੂ ਨਾਨਕ ਜਹਾਜ) 4 ਅਪ੍ਰੈਲ 1914 ਨੂੰ ਬ੍ਰਿਟਿਸ਼ ਹਾਂਗ ਕਾਂਗ ਤੋਂ ਰਵਾਨਾ ਹੋਇਆ ਸੀ ਜਿਸ ਵਿਚ ਭਾਰਤ ਦੇ ਪੰਜਾਬ ਸੂਬੇ ਤੋਂ 376 ਯਾਤਰੀ ਸਨ ਇਹ ਜਹਾਜ ਸ਼ੰਘਾਈ, ਚੀਨ ਅਤੇ ਯੋਕੋਹਾਮਾ, ਜਾਪਾਨ ਹੁੰਦੇ ਹੋਏ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਲਈ ਰਵਾਨਾ ਹੋਇਆ। ਯਾਤਰੀਆਂ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸ਼ਾਮਲ ਸਨ, ਸਾਰੇ ਪੰਜਾਬੀ ਅਤੇ ਬ੍ਰਿਟਿਸ਼ ਨਾਗਰਿਕ ਸਨ ਅਤੇ ਇਹ 23 ਮਈ 1914 ਨੂੰ ਕੈਨੇਡਾ ਦੇ ਵੈਂਕੁਵਰ ਸਮੁੰਦਰੀ ਕੰਡੇ ਪਹੁੰਚਿਆ ਸੀ । ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਇਤਿਹਾਸ ਤੇ ਚਾਨਣ ਪਾਂਦੇ ਦਸਿਆ ਕਿ ਵੈਨਕੂਵਰ ਦੇ ਵਿਚ ਗੁਰੂ ਨਾਨਕ ਜਹਾਜ਼ ਦੇ ਸਿੱਖ ਮੁਸਾਫਿਰ ਜੋ ਕਿ ਨਸਲੀ ਮੱਤਭੇਦ ਦਾ ਸ਼ਿਕਾਰ ਬਣੇ ਅਤੇ ਜਿਨ੍ਹਾਂ ਨੂੰ ਕੈਨੇਡਾ ਦੀ ਧਰਤੀ ਤੇ ਉਤਰਨ ਵੀ ਨਹੀਂ ਦਿੱਤਾ ਗਿਆ ਅਤੇ ਨਾ ਹੀ ਪੰਜਾਬ ਪਰਤਣ ਦਿੱਤਾ ਗਿਆ । ਗੁਰੂ ਨਾਨਕ ਜਹਾਜ ਦੀ 111ਵੀਂ ਬਰਸੀ ਦੇ ਮੌਕੇ ਤੇ ਸਮੁੱਚੇ ਭਾਈਚਾਰੇ ਨੂੰ ਅਸੀਂ ਬਹੁਤ ਬਹੁਤ ਵਧਾਈ ਦੇਂਦੇ ਹਾਂ । ਇਤਿਹਾਸ ਦੇ ਪੰਨਿਆਂ ਵਿੱਚ ਸੋਧ ਕਰਨੀ ਬਹੁਤ ਜਰੂਰੀ ਸੀ। ਕਾਮਾਗਾਟਾ ਮਾਰੂ ਸਾਕਾ (ਗੁਰੂ ਨਾਨਕ ਜਹਾਜ) ਰਾਹੀਂ ਜੋ ਤੁਸੀਂ ਖੋਜ ਤੇ ਸੋਧ ਕਰਕੇ ਇਤਿਹਾਸ ਨੂੰ ਸਹੀ ਜਗ੍ਹਾ ਤੇ ਰੱਖਿਆ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਪੁਰਖਿਆਂ ਦਾ ਗੌਰਵਮਈ ਇਤਿਹਾਸ ਦੀ ਸਾਂਭ ਸੰਭਾਲ ਕਰਕੇ ਤੁਸੀਂ ਖਰੇ ਉਤਰੇ ਹੋ। ਤੁਸੀਂ ਸਭ ਵਧਾਈ ਦੇ ਪਾਤਰ ਹੋ। ਲੋਕਾਂ ਦਾ ਇਤਿਹਾਸ ਦੀ ਸੋਧ ਸੁਧਾਈ ਕਰਨੀ ਸਮੇਂ ਦਾ ਹੋਕਾ ਹੈ। ਜਿਨਾਂ ਤਾਕਤਾਂ ਨੇ ਵਧੀਕੀਆਂ ਕੀਤੀਆਂ ਹੁੰਦੀਆਂ ਹਨ ਉਹ ਨਹੀਂ ਚਾਹੁੰਦੀਆਂ ਕਿ ਇਤਿਹਾਸ ਨੂੰ ਸਹੀ ਰੂਪ ਵਿੱਚ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ। ਕਾਮਗਾਟਾਮਾਰੂ (ਗੁਰੂ ਨਾਨਕ ਜਹਾਜ) ਦਾ ਇਤਿਹਾਸ ਸਾਡੇ ਲੋਕਾਂ ਦਾ ਸੁਨਹਿਰੀ ਇਤਿਹਾਸ ਹੈ ਜਿਸ ਨੇ ਦੱਸਿਆ ਹੈ ਕਿ ਅਸੀਂ ਜ਼ੋਰ ਜਬਰ ਦੇ ਮੁਹਰੇ ਹਮੇਸ਼ਾ ਡਟੇ ਹਾਂ। ਸਾਡੇ ਲੋਕਾਂ ਦੀ ਇਸ ਧਰਤੀ ਤੇ ਆਮਦ 19ਵੀਂ ਸਦੀ ਦੇ ਸ਼ੁਰੂ ਵਿੱਚ ਹੀ ਹੋ ਗਈ ਸੀ। ਕਿੰਨੀ ਕੁ ਗਿਣਤੀ ਹੋਵੇਗੀ ਲੋਕਾ ਦੀ ਜਦੋਂ ਗੁਰੂ ਨਾਨਕ ਜਹਾਜ ਵੈਨਕੂਵਰ ਦੇ ਤਟ ਤੇ ਲੱਗਾ ਹੋਵੇਗਾ ਪਰ ਸਾਡੇ ਭਾਈਚਾਰੇ ਨੇ ਉਸ ਘੱਟ ਗਿਣਤੀ ਦੇ ਹੁੰਦਿਆਂ ਹੋਇਆ ਵੀ ਇਕ ਸੁਨਹਿਰੀ ਇਤਿਹਾਸ ਸਿਰਜਿਆ ਹੈ। ਉਹਨਾਂ ਦੇਸ਼ ਭਗਤਾਂ ਦੀਆਂ ਪਾਈਆਂ ਲੀਹਾਂ ਤੇ ਅੱਜ ਤੱਕ ਲੋਕ ਇਹਨਾਂ ਵਧੀਕੀਆਂ ਦੇ ਖਿਲਾਫ ਲੜਦੇ ਆਏ ਹਨ। ਸਾਨੂੰ ਯਾਦ ਹੀ ਹੈ ਕਿ 60ਵਿਆ ਤੇ 70ਵਿਆਂ ਦੇ ਵਿਚ ਕਿਸ ਤਰ੍ਹਾਂ ਸਾਡੇ ਭਾਈਚਾਰੇ ਦੇ ਲੋਕਾਂ ਤੇ ਨਸਲੀ ਹਮਲੇ ਹੁੰਦੇ ਸਨ? ਪਰ ਉਸ ਦਾ ਜਵਾਬ ਤੇ ਸਾਹਮਣਾ ਵੀ ਸਾਡੇ ਭਾਈਚਾਰੇ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਸੀ । ਕੈਨੇਡੀਅਨ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਸ ਦੌਰ ਦੇ ਵਿਚ ਵੀ ਵਧੀਆ ਜਿੱਤ ਪ੍ਰਾਪਤ ਕੀਤੀ ਸੀ। ਇਸ ਪ੍ਰੋਗਰਾਮ ਵਿਚ ਗੁਰਦੁਆਰਾ ਦਸਮੇਸ਼ ਦਰਬਾਰ ਸਰੀ, ਗੁਰਦੁਆਰਾ ਬਾਬਾ ਬੰਦਾ ਸਿੰਘ ਜੀ ਬਹਾਦਰ ਐਬਟਸਫੋਰਡ, ਗੁਰਦੁਆਰਾ ਦੂਖ ਨਿਵਾਰਨ ਸਰੀ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਦੇ ਪ੍ਰਬੰਧਕ ਵਿਸ਼ੇਸ ਤੌਰ ਤੇ ਪਹੁੰਚੇ ਸਨ । ਇਸ ਮੌਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਤੋਂ ਭਾਈ ਗੁਰਮੀਤ ਸਿੰਘ ਜੀ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਗੁਰਮੀਤ ਸਿੰਘ ਗਿੱਲ, ਭਾਈ ਅਵਤਾਰ ਸਿੰਘ ਖਹਿਰਾ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ ਤੋਂ ਭਾਈ ਰਣਜੀਤ ਸਿੰਘ ਖਾਲਸਾ, ਭਾਈ ਕਰਨੈਲ ਸਿੰਘ ਟੁੱਟ, ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਭਾਈ ਗੁਰਦੀਪ ਸਿੰਘ ਸਮਰਾ, ਭਾਈ ਜਸਵੀਰ ਸਿੰਘ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਗਿਆਨੀ ਨਰਿੰਦਰ ਸਿੰਘ ਅਤੇ ਸਾਧੂ ਸਿੰਘ ਨਿੱਝਰ, ਗੁਰਦੁਆਰਾ ਸੁਖ ਸਾਗਰ ਤੋਂ ਹਰਦੀਪ ਸਿੰਘ ਨਾਗਰਾ ਚਰਨਜੀਤ ਸਿੰਘ ਚੱਠਾ, ਸਿੱਖ ਮੋਟਰਸਾਈਕਲ ਕਲੱਬ ਦੇ ਭਾਈ ਕੁਲਵਿੰਦਰ ਸਿੰਘ ਸਮੇਤ ਭਾਰੀ ਗਿਣਤੀ ਅੰਦਰ ਸੰਗਤਾਂ ਨੇ ਹਾਜ਼ਿਰੀ ਭਰ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ । ਇਸ ਸਾਰੇ ਪ੍ਰੋਗਰਾਮ ਦੀ ਤਿਆਰੀ ਅਤੇ ਪ੍ਰਬੰਧ ਭਾਈ ਗੁਰਵਿੰਦਰ ਸਿੰਘ ਧਾਰੀਵਾਲ ਅਤੇ ਰਾਜ ਭੰਡਾਲ ਵੱਲੋਂ ਕੀਤੇ ਗਏ ਸਨ ।