ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸੰਗਤ ਦੀ ਮੰਗ ’ਤੇ ਗੁਰਦੁਆਰਾ ਮਾਤਾ ਸੁੰਦਰੀ ਕੰਪਲੈਕਸ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੀ ਤਰਜ਼ ’ਤੇ ਇਕ ਵਿਸ਼ਾਲ ਏਅਰ ਕੰਡੀਸ਼ਨਲ ਹਾਲ ਤਿਆਰ ਕੀਤਾ ਜਾਵੇਗਾ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ, ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਇਸ ਹਾਲ ਦਾ ਯਮੁਨਾ ਪਾਰ ਦੀ ਸੰਗਤ ਨੂੰ ਵੱਡਾ ਲਾਭ ਮਿਲੇਗਾ। ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਕਾਰ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਵਲੋਂ ਵਰੋਸਾਏ ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ ਅਤੇ ਬਾਬਾ ਸਤਨਾਮ ਸਿੰਘ ਜੀ ਤੇ ਹੋਰ ਮਹਾਂਪੁਰਖ ਸੰਭਾਲਦੇ ਹਨ। ਇਸ ਕਾਰ ਸੇਵਾ ਵਾਸਤੇ ਅੱਜ ਸੰਗਤ ਵੱਲੋਂ ਦਿੱਤਾ ਗਿਆ ਸੋਨਾ ਤੇ ਚਾਂਦੀ ਅਸੀਂ ਬਾਬਾ ਜੀ ਦੇ ਸਪੁਰਦ ਕੀਤੇ ਹਨ। ਉਹਨਾਂ ਦੱਸਿਆ ਕਿ ਅੱਜ 4 ਕਿਲੋ 153 ਗ੍ਰਾਮ ਤੇ 313 ਮਿਲੀਗ੍ਰਾਮ ਸੋਨਾ ਅਤੇ 12 ਕਿਲੋ 86 ਗ੍ਰਾਮ ਤੇ 91 ਮਿਲੀਗ੍ਰਾਮ ਚਾਂਦੀ ਬਾਬਾ ਜੀ ਦੇ ਸੁਪਰਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ 14 ਮਾਰਚ 2023 ਨੂੰ ਸੋਨਾ ਤੇ ਚਾਂਦੀ ਅਸੀਂ ਦਿੱਤੀ ਸੀ। ਹੁਣ 15 ਮਾਰਚ 2023 ਤੋਂ 26 ਜੂਨ 2025 ਤੱਕ ਸੋਨਾ ਚਾਂਦੀ ਜਾਂ ਕੋਈ ਹੋਰ ਕੀਮਤੀ ਚੀਜ਼ ਜੋ ਵੀ ਨਿਕਲਦੀ ਹੈ, ਉਸਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ, ਉਹ ਬਾਬਾ ਜੀ ਨੂੰ ਸੌਂਪੇ ਹਨ। ਉਹਨਾਂ ਦੱਸਿਆ ਕਿ ਇਸ ਵੇਲੇ ਕਮੇਟੀ ਵੱਲੋਂ ਜੋ ਬਾਲਾ ਸਾਹਿਬ ਹਸਪਤਾਲ ਸ਼ੁਰੂ ਕੀਤਾ ਗਿਆ ਹੈ, ਉਸਦੇ ਅਗਲੇ ਪੜਾਅ ਦੀ ਸੇਵਾ ਹੋਣੀ ਹੈ। ਉਸ ਤੋਂ ਇਲਾਵਾ ਗੁਰਮਤਿ ਕਾਲਜ ਦੀ ਮਲਟੀ ਸਟੋਰੀ ਬਿਲਡਿੰਗ, ਮਾਤਾ ਸੁੰਦਰੀ ਗਰਲਜ਼ ਹੋਸਟਲ ਤੇ 125 ਸਟਾਫ ਕੁਆਰਟਰ ਬਣਾਉਣ ਦੀ ਸੇਵਾ ਚਲ ਰਹੀ ਹੈ। ਇਸਦੇ ਨਾਲ ਹੀ ਗੁਰਮਤਿ ਵਿਦਿਆਲਿਆ ਦੀ ਮਲਟੀ ਸਟੋਰੀ ਇਮਾਰਤ ਦੀ ਸੇਵਾ ਚਲ ਰਹੀ ਹੈ। ਉਹਨਾਂ ਦੱਸਿਆ ਕਿ ਬਾਕੀ ਕਾਰਜ ਵੱਖਰੇ ਤੌਰ ’ਤੇ ਚਲ ਰਹੇ ਹਨ।