ਨਵੀਂ ਦਿੱਲੀ -ਸਕੂਲਾਂ ਅੰਦਰ ਗਰਮੀ ਦੀਆਂ ਛੁਟੀਆਂ ਹੋਣ ਕਰਕੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖੀ ਨਾਲ ਜੋੜਨ ਲਈ ਇੰਨ੍ਹਾ ਦਿਨਾਂ ਵਿਚ ਵੱਡੇ ਉਪਰਾਲੇ ਕੀਤੇ ਜਾਂਦੇ ਹਨ । ਇਸੇ ਤਰ੍ਹਾਂ ਦਾ ਇਕ ਨਿਵੇਕਲਾ ਉਪਰਾਲਾ ਦਿੱਲੀ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ ਨੇ ਗੁਰਦੁਆਰਾ ਸੰਤਗੜ੍ਹ ਵਿਖ਼ੇ ਕਰਕੇ ਸੰਗਤਾਂ ਦਾ ਮਨ ਮੋਹ ਲਿਆ ਸੀ । ਉਨ੍ਹਾਂ ਵਲੋਂ ਬੱਚਿਆਂ ਤੇ ਮਾਵਾਂ ਨੂੰ ਪਹਿਲਾਂ ਉੜੇ ਨਾਲ ਜੁੜੇ ਨੂੰ ਸੰਭਾਲਣ ਲਈ ਮਾਵਾਂ ਕੋਲੋਂ ਬੱਚਿਆਂ ਨੂੰ ਜੁੜੇ ਕਰਵਾਉਣ ਦਾ ਮੁਕਾਬਲਾ ਕਰਵਾਇਆ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਤਗੜ੍ਹ ਵਿਖੇ ਗੁਰਮਤਿ ਕੈਂਪ ਰਾਹੀਂ, ਜਿਸ ਵਿੱਚ ਬੱਚਿਆਂ ਵੱਲੋਂ ਸ਼ਬਦ ਕੀਰਤਨ, ਕਵਿਤਾਵਾਂ ਅਤੇ ਵਾਤਾਵਰਣ ਸੰਬੰਧੀ ਬਹੁਤ ਸੁੰਦਰ ਨਾਟਕ “ ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ “ ਦੀ ਪੇਸ਼ਕਾਰੀ ਕੀਤੀ ਗਈ । ਇਸ ਨਾਟਕ ਰਾਹੀਂ ਬੱਚਿਆਂ ਵੱਲੋਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਵੱਧ ਰਹੇ ਪਲੂਸ਼ਨ ਤੋਂ ਵਾਤਾਵਰਣ ਨੂੰ ਬਚਾਉਣਾ ਕਿਉਂ ਜ਼ਰੂਰੀ ਹੈ, ਵੱਧ ਤੋਂ ਵੱਧ ਰੁੱਖ ਕਿਉਂ ਲਗਾਉਣੇ ਚਾਹੀਦੇ ਹਨ । ਬੱਚਿਆਂ ਨੇ ਕਵਿਤਾਵਾਂ, ਪੈਂਤੀ ਅੱਖਰੀ, ਕੀਰਤਨ ਅਤੇ ਨਾਟਕ ਰਾਹੀਂ ਸਮਾਂ ਬੰਨ ਦਿੱਤਾ ਸੀ । ਇਸ ਮੌਕੇ ਉੜੇ ਅਤੇ ਜੁੜੇ ਪ੍ਰਤੀਯੋਗਿਤਾ ਵਿਚ ਜਿੱਤਣ ਵਾਲੀ ਬੀਬੀਆਂ ਦੇ ਨਾਲ ਬੱਚਿਆਂ ਨੂੰ ਇਨਾਮ ਅਤੇ ਸਨਮਾਨ ਪੱਤਰ ਦੇ ਕੇ ਉਤਸ਼ਾਹ ਵਧਾਇਆ ਗਿਆ । ਇਸ ਮੌਕੇ ਇਲਾਕੇ ਦੀ ਸੰਗਤ ਵਲੋਂ ਬੀਬੀ ਜੀ ਅੱਗੇ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਏ ਜਾਣ ਦੀ ਵਾਰ ਵਾਰ ਮੰਗ ਕੀਤੀ ਜਾ ਰਹੀ ਸੀ । ਅੰਤ ਵਿਚ ਇਸ ਸਮਾਗਮ ਵਿੱਚ ਹਾਜ਼ਰੀਆਂ ਭਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ, ਮੀਤ ਪ੍ਰਧਾਨ ਸ. ਆਤਮਾ ਸਿੰਘ ਲੁਬਾਣਾ, ਅੰਤ੍ਰਿੰਗ ਮੈਂਬਰ ਸ. ਰਮਿੰਦਰ ਸਿੰਘ ਸਵੀਟਾ ਦਾ ਸਿਰੋਪਾਓ ਨਾਲ ਅਤੇ ਆਪਣੇ ਇਲਾਕੇ ਦੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦਾ ਪ੍ਰੋਗਰਾਮ ਕਰਵਾਉਣ ਲਈ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ ।