ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਹਰਿਆਣਾ ਦੇ ਫਤਿਆਬਾਦ ਦੇ ਨੇੜੇ ਬੀਘੜ ਵਿੱਚ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਾਮ ਤੇ ਤਿੰਨ ਸੌ ਏਕੜ ਜ਼ਮੀਨ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੈ । ਜਦੋਂ ਦਿੱਲੀ ਦੀ ਸੰਗਤ ਨੇ ਸਾਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸੇਵਾ ਸੰਭਾਲ ਦਾ ਮੌਕਾ ਦਿੱਤਾ ਤਾਂ ਉਸ ਵੇਲੇ ਅਸੀਂ ਸਿੱਖ ਪੰਥ ਦੀ ਦਰਵੇਸ਼ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦੇ ਹੱਥੋਂ ਇਸ ਸਰਮਾਏ ਦਾ ਯੋਗ ਇਸਤੇਮਾਲ ਕਰਦੇ ਹੋਏ ਸਾਡੇ ਬੱਚਿਆਂ ਦੇ ਚੰਗੇ ਭਵਿੱਖ ਲਈ ਇਸ ਜ਼ਮੀਨ ਤੇ ਸ੍ਰੀ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਪਬਲਿਕ ਸਕੂਲ ਬਣਾਉਣ ਲਈ ਮਿਤੀ 11 ਜੁਲਾਈ 1996 ਨੂੰ ਨੀਂਹ ਪੱਥਰ ਰਖਵਾਇਆ ਤੇ ਇਸ ਜ਼ਮੀਨ ਤੇ ਆਲੀਸ਼ਾਨ ਇਮਾਰਤ ਤਿਆਰ ਕੀਤੀ ਤੇ ਇਹ ਸਕੂਲ ਤੇ ਇਸਦੇ ਨਾਲ ਹੀ ਇੰਜੀਨੀਅਰਿੰਗ ਕਾਲਜ ਸਫਲਤਾਪੂਰਵਕ ਚਲਾਏ । ਪਰ ਅਸੀਂ ਜਦੋਂ ਕੱਲ੍ਹ ਉਸ ਸੰਸਥਾ ਨੂੰ ਦੇਖਣ ਗਏ ਤਾਂ ਦੇਖ ਕੇ ਬਹੁਤ ਦੁੱਖ ਹੋਇਆ ਕਿ ਦਿੱਲੀ ਕਮੇਟੀ ਨੂੰ ਜੋਕਾਂ ਵਾਂਗ ਚੁੰਬੜੇ ਬੈਠੇ ਭ੍ਰਿਸ਼ਟ ਟੋਲੇ ਨੇ ਜਿਸ ਤਰ੍ਹਾਂ ਦਿੱਲੀ ਅੰਦਰ ਸਿੱਖ ਸੰਸਥਾਵਾਂ ਨੂੰ ਬਰਬਾਦ ਕੀਤਾ ਹੈ । ਉਹੀ ਹਾਲਤ ਹਰਿਆਣੇ ‘ਚ ਸਥਿਤ ਇਸ ਸੰਸਥਾ ਦੀ ਕੀਤੀ ਹੈ । ਜੋ ਹੁਣ ਖੰਡਰ ਬਣਦੀ ਜਾ ਰਹੀ ਹੈ । ਪਹਿਲਾਂ ਮਨਜਿੰਦਰ ਸਿੰਘ ਸਿਰਸਾ ਵਰਗਿਆਂ ਨੇ ਇਸ ਸੰਸਥਾ ਨੂੰ ਆਪਣੇ ਹਿੱਤਾਂ ਲਈ ਬਰਬਾਦ ਕੀਤਾ ਤੇ ਹੁਣ ਹਰਮੀਤ ਸਿੰਘ ਕਾਲਕਾ ਤੇ ਉਸਦੇ ਮੈਂਬਰ ਕਰ ਰਹੇ ਹਨ । ਅੱਜ ਇੱਕ ਪਾਸੇ ਸਮੁੱਚੀ ਕੌਮ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਜਾ ਰਹੀ ਹੈ । ਉਥੇ ਹੀ ਦਿੱਲੀ ਕਮੇਟੀ ਨੌਵੇਂ ਪਾਤਸ਼ਾਹ ਜੀ ਦੇ ਨਾਮ ਬੋਲਦੀਆਂ ਇਤਿਹਾਸਿਕ ਥਾਵਾਂ ਤੇ ਬਣੀਆਂ ਸੰਸਥਾਵਾਂ ਨੂੰ ਬਰਬਾਦ ਕਰਕੇ ਵੇਚਣ ਦੇ ਰਾਹ ਤੁਰੀ ਹੋਈ ਹੈ । ਦਿੱਲੀ ਕਮੇਟੀ ਦੱਸੇ ਕਿ ਉਹ ਕਿਸ ਮੂੰਹ ਨਾਲ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਉਲੀਕ ਰਹੀ ਹੈ ਜਦੋਂ ਗੁਰੂ ਸਾਹਿਬ ਦੇ ਨਾਮ ਤੇ ਬਣੀਆਂ ਸੰਸਥਾਵਾਂ ਉਹ ਆਪ ਤਬਾਹ ਕਰ ਰਹੀ ਹੈ । ਦਿੱਲੀ ਕਮੇਟੀ ਦੇ ਸਰਕਾਰੀ ਸਰਪ੍ਰਸਤੀ ਨਾਲ ਬਣੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਹ ਅਕ੍ਰਿਤਘਣ ਹੋਣ ਦਾ ਸਿਖਰ ਦਿਖਾਇਆ ਹੈ ਕਿ ਜਿਸ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਦੌਲਤ ਇਹ ਸਿਆਸਤ ਵਿੱਚ ਆਇਆ ਸੀ ਉਸੇ ਜਥੇਦਾਰ ਟੌਹੜਾ ਦੇ ਲਗਾਏ ਬੂਟੇ ਨੂੰ ਇਹ ਅੱਜ ਉਜਾੜਨ ਲੱਗਿਆ ਹੋਇਆ ਹੈ । ਜੇਕਰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਪ੍ਰਬੰਧ ਡਾਵਾਂਡੋਲ ਹੋਇਆ ਹੈ ਤਾਂ ਉਸਦੇ ਲਈ ਮਨਜਿੰਦਰ ਸਿੰਘ ਸਿਰਸਾ , ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਵਰਗੇ ਜ਼ਿੰਮੇਵਾਰ ਹਨ । ਇਸ ਲਈ ਚਾਹੀਦਾ ਤੇ ਇਹ ਹੈ ਕਿ ਇਹਨਾਂ ਦੀਆਂ ਗੁਰੂ ਦੀ ਗੋਲਕ ਲੁੱਟ ਕੇ ਬਣਾਈਆਂ ਜਾਇਦਾਦਾਂ ਨੂੰ ਨਿਲਾਮ ਕਰਕੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵਾ । ਪਰ ਇਹ ਲੋਕ ਗੁਰੂ ਘਰਾਂ ਦੀਆਂ ਜਾਇਦਾਦਾਂ ਵੇਚਣ ਦੇ ਰਾਹ ਤੁਰੇ ਹੋਏ ਹਨ । ਦਿੱਲੀ ਕਮੇਟੀ ਦੇ ਕੁਚੱਜੇ ਪ੍ਰਬੰਧ ਕਾਰਨ ਜੋ ਬਕਾਏ ਕਮੇਟੀ ਸਿਰ ਖੜ੍ਹੇ ਹਨ ਉਹਨਾਂ ਕੇਸਾਂ ਵਿੱਚ ਇਹ ਇਹ ਸਾਰੀ ਜਾਇਦਾਦ ਜਿਹੜੀ ਕਈ ਹਜ਼ਾਰ ਕਰੋੜ ਦੀ ਬਣਦੀ ਹੈ ਨੂੰ ਅਟੈਚ ਕੀਤਾ ਗਿਆ ਹੈ ਤੇ ਇਸਨੂੰ ਹੁਣ ਦਿੱਲੀ ਕਮੇਟੀ ਆਪਣੇ ਚਹੇਤਿਆਂ ਨੂੰ ਕੌਡੀਆਂ ਦਾ ਭਾਅ ਵੇਚਦੇ ਹੋਏ ਇਸਨੂੰ ਖੁਰਦ ਬੁਰਦ ਕਰਨਾ ਚਾਹੁੰਦੀ ਹੈ । ਪਰ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ ਤੇ ਇਹ ਬਰਦਾਸ਼ਤ ਨਹੀਂ ਕਰੇਗਾ । ਇਹ ਸਾਰੀ ਜਾਇਦਾਦ ਕੌਮ ਦਾ ਸਰਮਾਇਆ ਹੈ ਤੇ ਇਹ ਕੌਮ ਦੇ ਕੋਲ ਹੀ ਰਹੇਗੀ । ਜੇਕਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸਦੀ ਸੰਭਾਲ ਨਹੀਂ ਕਰ ਸਕਦੀ ਤਾਂ ਉਹ ਸੰਗਤ ਨੂੰ ਲਿਖ ਕੇ ਦੇਵੇ ਕਿ ਕਮੇਟੀ ਇਸ ਯੋਗ ਨਹੀਂ ਕਿ ਪ੍ਰਬੰਧ ਕਰ ਸਕੇ । ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਇਸ ਸੰਸਥਾ ਦੀ ਸੰਭਾਲ ਤੇ ਪ੍ਰਬੰਧ ਚਲਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਲੈਣ ਲਈ ਬੇਨਤੀ ਕਰਾਂਗੇ । ਇਸ ਮੌਕੇ ਮਨਜੀਤ ਸਿੰਘ ਜੀਕੇ, ਡਾਕਟਰ ਪਰਮਿੰਦਰਪਾਲ ਸਿੰਘ ਸਮੇਤ ਹੋਰ ਬਹੁਤ ਸਾਰੇ ਪਾਰਟੀ ਦੇ ਮੈਂਬਰ ਮੌਜੂਦ ਸਨ ।