ਨਵੀਂ ਦਿੱਲੀ - ਯੂਕੇ ਦੀ ਇਕ ਪ੍ਰਮੁੱਖ ਅਖ਼ਬਾਰ ਦ ਗਾਰਡੀਅਨ ਨੇ ਆਪਣੇ ਸੰਪਾਦਕੀ ਲੇਖ ਅੰਦਰ ਸਿੱਖ ਐਕਟੀਵਿਸਟ ਅਵਤਾਰ ਸਿੰਘ ਖੰਡਾ ਦੀ ਅਚਾਨਕ ਹੋਈ ਮੌਤ ਨੂੰ ਲੈ ਕੇ ਕਈ ਸ਼ੱਕ ਜ਼ਾਹਿਰ ਕੀਤੇ ਹਨ । ਜਾਰੀ ਕੀਤੇ ਗਏ ਲੇਖ ਮੁਤਾਬਿਕ ਉਨ੍ਹਾਂ ਦੇ ਪਰਿਵਾਰ ਵਲੋਂ ਉਨਾਂ ਦੀ ਮੌਤ ਸਬੰਧੀ ਨਵੀਂ ਛਾਣਬੀਣ ਦੀ ਮੰਗ ਕੀਤੀ ਗਈ ਹੈ। 2023 ਵਿੱਚ ਅਵਤਾਰ ਸਿੰਘ ਖੰਡਾ ਦੀ ਮੌਤ ਬਰਮਿੰਘਮ ਦੇ ਇੱਕ ਹਸਪਤਾਲ ਵਿੱਚ ਹੋਈ ਸੀ, ਜਿੱਥੇ ਉਹ ਬਿਮਾਰ ਹੋਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ।
ਮੈਡੀਕਲ ਰਿਪੋਰਟ ਅਨੁਸਾਰ, ਮੌਤ ਦੀ ਵਜ੍ਹਾ ਐਕਿਊਟ ਮਾਈਲੋਇਡ ਲੀਕੈਮੀਆ (ਖੂਨ ਦੀ ਕੈਂਸਰ ਦੀ ਗੰਭੀਰ ਕਿਸਮ) ਦੱਸੀ ਗਈ ਸੀ।
ਪਰਿਵਾਰ ਦੇ ਵਕੀਲ ਮਾਈਕਲ ਪੋਲਕ ਵਲੋਂ ਵੈਸਟ ਮਿਡਲੈਂਡਜ਼ ਕੋਰਨਰ ਲੁਈਸ ਹੰਟ ਨੂੰ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਅਵਤਾਰ ਸਿੰਘ ਖੰਡਾ ਦੀ ਮੌਤ ਦੀ ਜਾਂਚ ਦੌਰਾਨ ਨਰਵ ਏਜੰਟ, ਬਾਇਓਲੋਜੀਕਲ ਜਾਂ ਨਿਊਕਲੀਅਰ ਪਦਾਰਥਾਂ ਦੀ ਜਾਂਚ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਪਹਿਲਾਂ ਲਿਆ ਗਿਆ ਇਨਕੁਆਰੀ ਨਾ ਖੋਲ੍ਹਣ ਦਾ ਫੈਸਲਾ ਵਾਪਸ ਲਿਆ ਜਾਏ । ਪੋਲਕ ਨੇ ਇਹ ਵੀ ਦੱਸਿਆ ਕਿ ਖੰਡਾ ਦੀ ਮੌਤ ਦੀ ਜਾਂਚ ਕਰਨ ਵਾਲੀ ਪੁਲਿਸ ਨੇ ਉਨ੍ਹਾਂ ਦੇ ਫੋਨ, ਲੈਪਟਾਪ, ਦੋਸਤਾਂ ਜਾਂ ਸਹਿਕਰਮੀਆਂ ਨਾਲ ਗੱਲਬਾਤ, ਘਰ ਦੀ ਤਲਾਸ਼ੀ ਜਾਂ ਹੋਰ ਸੰਭਾਵਤ ਹਮਲਿਆਂ ਦੀ ਜਾਣਕਾਰੀ ਨੂੰ ਵੀ ਨਜ਼ਰਅੰਦਾਜ਼ ਕੀਤਾ।ਪਰਿਵਾਰ ਵਲੋਂ ਨਿਯੁਕਤ ਕੀਤੇ ਗਏ ਫੋਰੈਂਸਿਕ ਪੈਥੋਲੋਜਿਸਟ ਡਾ. ਐਸ਼ਲੀ ਫੀਗਨ-ਅਰਲ ਨੇ ਆਪਣੇ ਰਿਪੋਰਟ ਵਿੱਚ ਕਿਹਾ ਕਿ ਹਸਪਤਾਲੀ ਟੈਸਟਾਂ ਵਿੱਚ ਜ਼ਹਿਰ ਦਾ ਸਿੱਧਾ ਕੋਈ ਨਤੀਜਾ ਨਹੀਂ ਮਿਲਆ, ਪਰ ਉਨ੍ਹਾਂ ਇਸ਼ਾਰਾ ਦਿੱਤਾ ਹੈ ਕਿ "ਕਈ ਖਾਸ ਜ਼ਹਿਰੀਲੇ ਪਦਾਰਥ ਪਿੱਛੇ ਕੋਈ ਵਿਸ਼ੇਸ਼ ਨਿਸ਼ਾਨ ਨਹੀਂ ਛੱਡਦੇ" ਅਤੇ ਜਦ ਤੱਕ ਸ਼ੱਕ ਨਾ ਹੋਵੇ, ਉਹ ਪਤਾ ਨਹੀਂ ਲੱਗਦੇ। ਡਾ. ਅਰਲ ਨੇ ਕਿਹਾ ਕਿ ਅਜਿਹੇ ਮਾਮਲੇ ਵਿੱਚ ਪੋਰਟਨ ਡਾਊਨ, ਕਿਊ ਗਾਰਡਨਜ਼ ਵਰਗੀਆਂ ਖਾਸ ਲੈਬਾਂ ਅਤੇ ਵਿਸ਼ੇਸ਼ ਅਨੁਭਵੀ ਵਿਗਆਨੀਆਂ ਦੀ ਮੱਦਦ ਲੈਣੀ ਪੈਂਦੀ ਹੈ। ਪੋਲਕ ਦੇ ਪੱਤਰ ਵਿੱਚ ਖੰਡਾ ਦੇ ਦੋਸਤ ਅਤੇ ਸਿੱਖ ਫੈਡਰੇਸ਼ਨ ਯੂਕੇ ਦੇ ਸਲਾਹਕਾਰ ਜਸਵਿੰਦਰ ਸਿੰਘ ਦਾ ਇੱਕ ਗਵਾਹ ਬਿਆਨ ਸ਼ਾਮਲ ਹੈ। ਸਿੱਖ ਜਥੇਬੰਦੀਆਂ ਨੇ ਵੀ ਇਹ ਮੰਗ ਕੀਤੀ ਹੈ ਕਿ ਅਵਤਾਰ ਸਿੰਘ ਖੰਡਾ ਦੀ ਮੌਤ ਦੀ ਨਿਆਂਪੂਰਕ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਇਨਸਾਫ ਮਿਲ ਸਕੇ।