ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲੀ ਦਲ ਬਾਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਵੱਲੋਂ ਫਤਿਹਾਬਾਦ ਦੇ ਬੀਹੜ ਵਿਚ ਵਿਖੇ ਦਿੱਲੀ ਕਮੇਟੀ ਦੇ ਸਕੂਲ ਵਿਚ ਜਾ ਕੇ ਚੌਂਕੀਦਾਰ ਨਾਲ ਮੰਦੀ ਸ਼ਬਦਾਵਲੀ ਵਰਤਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਰਨਾ ਨੇ ਆਪਣਾ ਦਿਮਾਗੀ ਤਵਾਜ਼ਨ ਗੁਆ ਲਿਆ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸਾਲ 1996 ਵਿਚ ਇਸ ਸਕੂਲ ਦਾ ਨੀਂਹ ਪੱਥਰ ਰੱਖਿਆ ਗਿਆ। ਉਹਨਾਂ ਦੱਸਿਆ ਕਿ ਕੋਰੋਨਾ ਕਾਲ ਆਉਣ ’ਤੇ 200 ਦੇ ਕਰੀਬ ਬੱਚੇ ਉਥੇ ਪੜ੍ਹਦੇ ਸਨ, ਉਹ ਸਕੂਲ ਛੱਡ ਗਏ। ਉਹਨਾਂ ਦੱਸਿਆ ਕਿ ਅਸੀਂ ਉਸ ਸਕੂਲ ਵਿਚ ਬੱਚੇ ਦਾਖਲ ਕਰਵਾਉਣ ਵਾਸਤੇ ਮਾਪਿਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਸੰਨ 2000 ਵਿਚ ਇਹਨਾਂ ਨੇ ਉਥੇ ਉਸਾਰੀ ਕੀਤੀ ਤੇ 2002 ਵਿਚ ਨਰਸਰੀ ਬਲਾਕ ਬਣਾਇਆ ਜੋ ਕਦੇ ਸ਼ੁਰੂ ਨਹੀਂ ਹੋਇਆ। ਪ੍ਰਾਇਮਰੀ ਸੈਕਸ਼ਨ ਦੇ ਬੱਚੇ ਜੋ ਫੇਲ੍ਹ ਹੋਏ, ਉਹ ਉਥੇ ਦਾਖਲ ਕਰਵਾਏ। ਇਸੇ ਤਰ੍ਹਾਂ ਕਾਲਜ ਦੀ ਇਮਾਰਤ ਸਾਲ 2009 ਵਿਚ ਸ਼ੁਰੂ ਕੀਤੀ ਜੋ ਕਦੇ ਵੀ ਪੂਰੀ ਨਹੀਂ ਹੋ ਸਕੀ। ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਨਾਲ ਲਿਜਾ ਕੇ ਸਕੂਲ ’ਤੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਐਲਾਨ ਕੀਤਾ ਕਿ ਇਸ ਸਕੂਲ ਨੂੰ ਸ਼੍ਰੋਮਣੀ ਕਮੇਟੀ ਚਲਾਵੇਗੀ। ਉਹਨਾਂ ਕਿਹਾ ਕਿ ਸਰਦਾਰ ਸਰਨਾ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਇਹ ਤਾਂ ਆਖਣ ਕਿ ਉਹ ਆਪਣੇ ਬੰਦ ਹੋਏ ਅਦਾਰੇ ਸੰਭਾਲੇ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਅਦਾਰੇ ਦਿੱਲੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਕਮੇਟੀ ਚਲਾ ਰਹੀ ਹੈ ਤੇ ਹਮੇਸ਼ਾ ਚਲਾਉਂਦੀ ਰਹੇਗੀ। ਉਹਨਾਂ ਕਿਹਾ ਕਿ ਉਹ ਉਮਰ ਦਾ ਲਿਹਾਜ਼ ਕਰਦਿਆਂ ਪਰਮਜੀਤ ਸਿੰਘ ਸਰਨਾ ਖਿਲਾਫ ਕੋਈ ਇਤਰਾਜ਼ਯੋਗ ਸ਼ਬਦਾਵਲੀ ਨਹੀਂ ਵਰਤਣਾ ਚਾਹੁੰਦੇ ਪਰ ਸਰਨਾ ਦੇ ਵਿਹਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੇ ਦਿਮਾਗੀ ਤਵਾਜ਼ਨ ਗੁਆ ਲਿਆ ਹੈ। ਉਹਨਾਂ ਕਿਹਾ ਕਿ ਸਰਨਾ ਤੇ ਉਹਨਾਂ ਦੇ ਨਵੇਂ ਬਣੇ ਸਾਥੀ ਮਨਜੀਤ ਸਿੰਘ ਜੀ.ਕੇ. ਦਾ ਇਕ ਨੁਕਾਤੀ ਏਜੰਡਾ ਇਹੀ ਹੈ ਕਿ ਉਹ ਸਵੇਰੇ ਉਠਦਿਆਂ ਹੀ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਵਿਚ ਲੱਗ ਜਾਂਦੇ ਹਨ। ਉਹਨਾਂ ਕਿਹਾ ਕਿ ਉਹ ਕਮੇਟੀ ਖਿਲਾਫ ਬਹੁਤ ਹੀ ਇਤਰਾਜ਼ਯੋਗ ਸ਼ਬਦਾਵਲੀ ਵਰਤਦੇ ਹਨ ਜੋ ਬਹੁਤ ਹੀ ਨਿੰਦਣਯੋਗ ਹੈ।
ਉਹਨਾਂ ਕਿਹਾ ਕਿ ਇਹ ਲੋਕ ਸੰਗਤ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ ਤੇ ਹੁਣ ਗੁੰਡਾਗਰਦੀ ’ਤੇ ਉਤਰ ਆਏ ਹਨ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਕੋਲ ਸ਼੍ਰੋਮਣੀ ਕਮੇਟੀ ਦਾ ਪੈਸਾ ਤੇ ਗੁੰਡੇ ਹਨ ਤੇ ਇਹਨਾਂ ਕੋਲ ਸ਼ਰਾਬ ਨਾਲ ਕਮਾਇਆ ਪੈਸਾ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਸੰਗਤ ਨੇ ਸ਼ਰਾਬ ਦੇ ਕਾਰੋਬਾਰੀਆਂ ਨੂੰ ਬਾਹਰ ਕੱਢਿਆ ਹੈ ਤੇ ਇਹ ਕਦੇ ਵੀ ਗੁਰੂ ਘਰਾਂ ਵਿਚ ਵੜ੍ਹਨ ਨਹੀਂ ਦਿੱਤੇ ਜਾਣਗੇ। ਫਤਿਹਾਬਾਦ ਦੇ ਬੀਹੜ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੀ ਜਾਇਦਾਦ ਹੈ ਜਿਸ ਵਿਚ ਇਕ ਸਕੂਲ ਵਿਚ ਹੈ ਤੇ ਕਾਲਜ ਦੇ ਨਾਂ ’ਤੇ ਢਾਂਚਾ ਵੀ ਖੜ੍ਹਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਸਰਨਾ ਤੇ ਉਸਦੇ ਨਾਲ ਗਏ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਉਹ ਸਾਰੀ ਉਮਰ ਯਾਦ ਰੱਖਣਗੇ।