ਨਵੀਂ ਦਿੱਲੀ- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੀ ਨਵੀਂ ਇਮਾਰਤ ਵਿੱਚ ਲਿਫਟ ਦਾ ਉਦਘਾਟਨ ਅਰਦਾਸ ਤੋਂ ਬਾਅਦ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਰਾਜਵਿੰਦਰ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਹਰਮਨਜੀਤ ਸਿੰਘ, ਹਰਬੰਸ ਸਿੰਘ ਭਾਟੀਆ, ਪ੍ਰੀਤ ਪ੍ਰਤਾਪ ਸਿੰਘ, ਅਜੀਤ ਸਿੰਘ ਮੋਂਗਾ, ਸੁੰਦਰ ਸਿੰਘ ਨਾਰੰਗ, ਹਰਨਾਮ ਸਿੰਘ, ਸਤਨਾਮ ਸਿੰਘ ਬਜਾਜ, ਕੁਲਦੀਪ ਸਿੰਘ ਸੇਠੀ ਆਦਿ ਹਾਜ਼ਰ ਸਨ। ਸ. ਹਰਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਨਵੀਂ ਇਮਾਰਤ ਤਿਆਰ ਕੀਤੀ ਗਈ ਹੈ ਜਿਸ ਵਿੱਚ 10 ਕਮਰੇ ਹਨ ਜੋ ਪੂਰੀ ਤਰ੍ਹਾਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹਨ, 3 ਵੱਡੇ ਹਾਲ ਅਤੇ ਸੇਵਾਦਾਰਾਂ ਲਈ ਵੀ ਕਮਰੇ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਲਿਫਟ ਲਗਾਈ ਗਈ ਹੈ ਜਿਸ ਦਾ ਅੱਜ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਪੂਰੀ ਟੀਮ ਦੀ ਹਮੇਸ਼ਾਂ ਇਹੀ ਕੋਸ਼ਿਸ਼ ਰਹੀ ਹੈ ਕਿ ਸੰਗਤ ਦੀ ਸੁਵਿਧਾ ਲਈ ਵੱਧ ਤੋਂ ਵੱਧ ਕੰਮ ਕੀਤੇ ਜਾਣ। ਇਹ ਕਮਰੇ ਅਤੇ ਹਾਲ ਤਿਆਰ ਹੋਣ ਨਾਲ ਹੁਣ ਸੰਗਤ ਆਪਣੇ ਪਰਿਵਾਰਕ ਸਮਾਗਮਾਂ ਦੌਰਾਨ ਇਨ੍ਹਾਂ ਦੀ ਵਰਤੋਂ ਕਰ ਸਕਦੀ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿੱਚ ਹਰ ਰੋਜ਼ ਕਈ ਤਰ੍ਹਾਂ ਦੇ ਸਮਾਗਮ ਹੁੰਦੇ ਹਨ, ਜਿਨ੍ਹਾਂ ਵਿੱਚ ਭਾਗ ਲੈਣ ਲਈ ਸੰਗਤ ਦਿੱਲੀ ਦੇ ਬਾਹਰ ਤੋਂ ਵੀ ਆਉਂਦੀ ਹੈ, ਹੁਣ ਉਹ ਵੀ ਇੱਥੇ ਆ ਕੇ ਰਹਿ ਸਕਣਗੇ।