ਪੰਜਾਬ

ਅਖੌਤੀ ਪਾਦਰੀਆਂ ਦੀ ਸਭਾ ’ਚ ਜਾਨ ਗੁਆਉਣ ਵਾਲੇ ਲੜਕੇ ਦੇ ਪਰਿਵਾਰ ਨਾਲ ਜਥੇਦਾਰ ਗੜਗੱਜ ਨੇ ਕੀਤੀ ਮੁਲਾਕਾਤ

ਕੌਮੀ ਮਾਰਗ ਬਿਊਰੋ | July 15, 2025 08:09 PM


ਪਟਿਆਲਾ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਪਟਿਆਲਾ ਜ਼ਿਲ੍ਹੇ ਦੇ ਖੁਸਰੋਪੁਰ ਪਿੰਡ ਪੁੱਜੇ ਜਿੱਥੇ ਉਨ੍ਹਾਂ ਨੇ ਬੀਤੇ ਦਿਨੀਂ ਭਾਦਸੋਂ ਰੋਡ ’ਤੇ ਸਿੱਧੂਵਾਲ ਵਿਖੇ ਹੁੰਦੀ ਅਖੌਤੀ ਪਾਦਰੀਆਂ ਦੀ ਸਭਾ ਵਿੱਚ ਵਾਪਰੇ ਹਾਦਸੇ ਕਾਰਨ ਜਾਣ ਗੁਆਉਣ ਵਾਲੇ 16 ਸਾਲਾ ਲੜਕੇ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਇਸ ਮੌਕੇ ਜਥੇਦਾਰ ਗੜਗੱਜ ਨੇ ਪਰਿਵਾਰ ਪਾਸੋਂ ਸਮੁੱਚੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਅਤੇ ਇਹ ਜਾਣਿਆ ਕਿ ਪੀੜਤ ਪਰਿਵਾਰ ਅਖੌਤੀ ਪਾਦਰੀਆਂ ਦੇ ਸੰਪਰਕ ਵਿੱਚ ਕਿਵੇਂ ਆਇਆ। ਮ੍ਰਿਤਕ ਲੜਕੇ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਕਣਕ ਤੋਂ ਐਲਰਜੀ ਦਾ ਰੋਗ ਸੀ, ਜਿਸ ਸਬੰਧੀ ਉਨ੍ਹਾਂ ਨੇ ਸ਼ੁਰੂਆਤ ਵਿੱਚ ਕੁਝ ਮੈਡੀਕਲ ਇਲਾਜ ਕਰਵਾਇਆ ਅਤੇ ਬਾਅਦ ਵਿੱਚ ਉਹ ਅਖੌਤੀ ਪਾਦਰੀਆਂ ਦੇ ਸੰਪਰਕ ਵਿੱਚ ਆਏ, ਜਿਨ੍ਹਾਂ ਨੇ ਇਹ ਰੋਗ ਠੀਕ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਅਖੌਤੀ ਪਾਦਰੀਆਂ ਦੀ ਸਭਾ ਵਿੱਚ ਇਸ ਆਸ ਨਾਲ ਹੀ ਜਾਂਦੇ ਸਨ ਕਿ ਉਨ੍ਹਾਂ ਦਾ ਪੁੱਤਰ ਠੀਕ ਹੋ ਜਾਵੇਗਾ ਪਰੰਤੂ ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਉੱਥੇ ਪ੍ਰਬੰਧਾਂ ਦੀ ਅਣਗਹਿਲੀ ਕਾਰਨ ਉਸ ਦੀ ਜਾਨ ਹੀ ਚਲੇ ਜਾਵੇਗੀ। ਪਰਿਵਾਰ ਨੇ ਜਥੇਦਾਰ ਗੜਗੱਜ ਨੂੰ ਇਹ ਜਾਣਕਾਰੀ ਵੀ ਦਿੱਤੀ ਕਿ ਉਨ੍ਹਾਂ ਦੇ ਵਡੇਰੇ ਅਤੇ ਪੂਰਾ ਪਰਿਵਾਰ ਸਿੱਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਣ ਵਾਲੇ ਹਨ ਪਰੰਤੂ ਉਨ੍ਹਾਂ ਦਾ ਇੱਕ ਭਰਾ (ਮ੍ਰਿਤਕ ਦਾ ਪਿਤਾ) ਆਪਣੇ ਲੜਕੇ ਦਾ ਰੋਗ ਠੀਕ ਹੋਣ ਦੇ ਭਰਮ ਭੁਲੇਖੇ ਵਿੱਚ ਆ ਕੇ ਅਖੌਤੀ ਪਾਦਰੀਆਂ ਦੇ ਚੱਕਰ ਵਿੱਚ ਫੱਸ ਗਿਆ। ਪਰਿਵਾਰ ਦੇ ਮੈਂਬਰਾਂ ਨੇ ਜਥੇਦਾਰ ਗੜਗੱਜ ਨੂੰ ਇਹ ਵੀ ਦੱਸਿਆ ਕਿ ਅਖੌਤੀ ਪਾਦਰੀ ਉਨ੍ਹਾਂ ਦੀ ਗ਼ਰੀਬੀ ਦਾ ਫਾਇਦਾ ਉਠਾ ਕੇ ਉਨ੍ਹਾਂ ਦੇ ਬੱਚਿਆਂ ਨੂੰ ਵਰਗਲ਼ਾ ਕੇ ਅਤੇ ਭਰਮ ਭੁਲੇਖਿਆਂ ਵਿੱਚ ਪਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹੋਰ ਲੋਕਾਂ ਨੂੰ ਵੀ ਨਾਲ ਜੋੜਣ ਲਈ ਆਖਦੇ ਹਨ। ਪਰਿਵਾਰ ਨੇ ਇਹ ਵੀ ਦੱਸਿਆ ਕਿ ਅਖੌਤੀ ਪਾਦਰੀਆਂ ਵੱਲੋਂ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਜਾਂ ਹੋਰ ਧਾਰਮਿਕ ਅਸਥਾਨਾਂ ਉੱਤੇ ਜਾਣ ਤੋਂ ਅਤੇ ਉੱਥੋਂ ਦਾ ਪ੍ਰਸ਼ਾਦ, ਲੰਗਰ ਛਕਣ ਤੋਂ ਵੀ ਵਰਜਿਆ ਜਾਂਦਾ ਸੀ।
ਇਸ ਦੌਰਾਨ ਜਥੇਦਾਰ ਗੜਗੱਜ ਨੇ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਵਰੁਣ ਸ਼ਰਮਾ ਨਾਲ ਵੀ ਫ਼ੋਨ ਉੱਤੇ ਗੱਲ ਕਰਕੇ ਉਨ੍ਹਾਂ ਨੂੰ ਆਖਿਆ ਕਿ ਇਸ ਪੀੜਤ ਅਤੇ ਗ਼ਰੀਬ ਪਰਿਵਾਰ ਨਾਲ ਇਨਸਾਫ਼ ਹੋਣਾ ਚਾਹੀਦਾ ਹੈ ਅਤੇ ਦੋਸ਼ੀ ਵਿਅਕਤੀਆਂ ਦੇ ਵਿਰੁੱਧ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਜਥੇਦਾਰ ਗੜਗੱਜ ਨੇ ਪੀੜਤਾਂ ਨੂੰ ਹੌਸਲਾ ਦੇਣ ਲਈ ਗੁਰਬਾਣੀ ਦਾ ਜਾਪ ਕੀਤਾ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਦਾ ਇਹ ਸੁਭਾਅ ਨਹੀਂ ਹੈ ਕਿ ਇੱਥੇ ਕਿਸੇ ਧਰਮ ਜਾਂ ਲੋਕਾਂ ਪ੍ਰਤੀ ਕੋਈ ਨਫ਼ਰਤ ਫੈਲਾਈ ਜਾਵੇ ਬਲਕਿ ਇਹ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖ਼ਸ਼ੇ ਸਰਬੱਤ ਦੇ ਭਲੇ ਦੇ ਸਿਧਾਂਤ ਅਨੁਸਾਰ ਜਿਉਂਦੀ ਹੈ। ਇੱਥੇ ਸਾਰੇ ਭਾਈਚਾਰਿਆਂ ਦੇ ਲੋਕ ਆਪਸੀ ਪਿਆਰ ਅਤੇ ਸਾਂਝ ਨਾਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੁਝ ਅਖੌਤੀ ਪਾਦਰੀਆਂ ਵੱਲੋਂ ਲਗਾਤਾਰ ਲੋਕਾਂ ਨੂੰ ਵਹਿਮਾਂ ਭਰਮਾਂ, ਚਮਤਕਾਰਾਂ, ਬਿਮਾਰੀਆਂ ਦੇ ਇਲਾਜਾਂ ਜਿਹੇ ਪਖੰਡਾਂ ਵਿੱਚ ਵਰਗਲ਼ਾ ਕੇ ਅਤੇ ਫਸਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਅਤੇ ਸਰਕਾਰਾਂ ਇਸ ਨੂੰ ਠੱਲ੍ਹਣ ਦੀ ਬਜਾਏ ਅੱਖਾਂ ਬੰਦ ਕਰਕੇ ਬੈਠੀਆਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸਤਰਕ ਕੀਤਾ ਕਿ ਇਨ੍ਹਾਂ ਅਖੌਤੀ ਪਾਦਰੀਆਂ ਦੇ ਭਰਮ ਭੁਲੇਖਿਆਂ ਵਿੱਚ ਨਾ ਫੱਸਣ ਅਤੇ ਜੇਕਰ ਕਿਸੇ ਨੂੰ ਕੋਈ ਸ਼ਰੀਰਕ ਰੋਗ ਹੋਵੇ ਤਾਂ ਮੈਡੀਕਲ ਜਾਂਚ ਕਰਵਾ ਕੇ ਡਾਕਟਰੀ ਇਲਾਜ ਕਰਵਾਇਆ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜਿਆ ਜਾਵੇ ਤੇ ਇੱਕ ਅਕਾਲ ਪੁਰਖ ਉੱਤੇ ਭਰੋਸਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਭ ਨੂੰ ਆਪੋ-ਆਪਣੇ ਧਰਮ ਨਿਭਾਉਣ ਦਾ ਅਤੇ ਉਸ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਪੂਰਾ ਅਧਿਕਾਰ ਹੈ ਪਰੰਤੂ ਧਰਮ ਦੀ ਆੜ ਵਿੱਚ ਲੋਕਾਂ ਨੂੰ ਗੁੰਮਰਾਹ ਕਰਨਾ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਥੇਦਾਰ ਗੜਗੱਜ ਨੇ ਪੰਜਾਬ ਸਰਕਾਰ ਨੂੰ ਇਨ੍ਹਾਂ ਪਖੰਡੀਆਂ ਨੂੰ ਠੱਲ੍ਹਣ ਅਤੇ ਇਸ ਘਟਨਾ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸਿੱਖ, ਈਸਾਈ, ਮੁਸਲਿਮ ਦੇਸ਼ ਅੰਦਰ ਘੱਟ ਗਿਣਤੀ ਕੌਮਾਂ ਹਨ, ਜਿਨ੍ਹਾਂ ਨੂੰ ਹਮੇਸ਼ਾ ਆਪਸ ਸਾਂਝ ਨਾਲ ਰਹਿਣਾ ਚਾਹੀਦਾ ਹੈ ਅਤੇ ਜੇਕਰ ਪੰਜਾਬ ਅੰਦਰ ਕੁਝ ਅਖੌਤੀ ਪਾਦਰੀ ਗਲਤ ਕਾਰਜ ਕਰ ਰਹੇ ਹਨ ਤਾਂ ਇਸਾਈ ਭਾਈਚਾਰੇ ਦੇ ਆਗੂਆਂ ਨੂੰ ਆਪ ਇਨ੍ਹਾਂ ਨੂੰ ਰੋਕਣਾ ਚਾਹੀਦਾ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਬੀਤੇ ਸਮੇਂ ਸਿੱਖ ਅਤੇ ਇਸਾਈ ਭਾਈਚਾਰਿਆਂ ਦੇ ਧਾਰਮਿਕ ਆਗੂਆਂ ਦੇ ਵਿਚਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰਤਾ ਹੋਈ ਹੈ, ਜਿਸ ਵਿੱਚ ਇਹ ਸਹਿਮਤੀ ਬਣੀ ਸੀ ਕਿ ਪੰਜਾਬ ਅੰਦਰ ਧਰਮ ਪ੍ਰਚਾਰ ਲਈ ਕਰੂਸੇਡ ਨਾਮ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਉਸ ਸਮੇਂ ਰੋਮ ਕੈਥੋਲਿਕ ਚਰਚ, ਮਸੀਹੀ ਮਹਾਂਸਭਾ ਪੰਜਾਬ, ਐਂਜਲੀਕਲ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਵਿਚਾਰ ਚਰਚਾ ਕੀਤੀ ਗਈ ਸੀ। ਇਸਾਈ ਧਰਮ ਦੇ ਕੈਥੋਲਿਕ ਨੁਮਾਇੰਦਿਆਂ ਨੇ ਲਿਖਤੀ ਰੂਪ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਹ ਦਿੱਤਾ ਸੀ ਕਿ ਕਰੂਸੇਡ ਸ਼ਬਦ ਦੀ ਵਰਤੋਂ ਰੋਮ ਕੈਥੋਲਿਕ ਚਰਚ ਵੱਲੋਂ ਵਰਜਿਤ ਹੈ। ਇਸਾਈ ਨੁਮਾਇੰਦਿਆਂ ਵੱਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ਅੰਦਰ ਜਿਹੜੇ ਅਖੌਤੀ ਪਾਦਰੀਆਂ ਵੱਲੋਂ ਕਰੂਸੇਡ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਚਰਚ ਦੇ ਮੈਂਬਰ ਨਹੀਂ ਸਗੋਂ ਨਕਲੀ ਡੇਰੇਦਾਰ ਹਨ ਜੋ ਪੈਸਾ ਕਮਾਉਣ ਲਈ ਅਜਿਹਾ ਕਰ ਰਹੇ ਹਨ, ਜੋ ਕਿ ਕਰਾਈਸਟ ਅਤੇ ਬਾਈਬਲ ਵਿਰੋਧੀ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਦੇ ਬਾਵਜੂਦ ਪੰਜਾਬ ਅੰਦਰ ਕਈ ਥਾਵਾਂ ਉੱਤੇ ਕਰੂਸੇਡ ਨਾਮ ਦੀ ਵਰਤੋਂ ਕਰਕੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜੇਕਰ ਭਵਿੱਖ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦਾ ਦੋਸ਼ੀ ਫਿਰ ਸਿੱਖਾਂ ਨੂੰ ਹੀ ਬਣਾਇਆ ਜਾਵੇਗਾ।

Have something to say? Post your comment

 
 
 

ਪੰਜਾਬ

ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੂੰ ਲੈ ਕੇ ਵੱਖ-ਵੱਖ ਬੁਲਾਰਿਆਂ ਨੇ ਵਿਧਾਨ ਸਭਾ ਸੈਸ਼ਨ ਵਿੱਚ ਕੀਤੀ ਅਕਾਲੀ ਦਲ ਦੀ ਦੱਬ ਕੇ ਖਿਚਾਈ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼

ਝੂਠੇ ਪੁਲਿਸ ਮੁਕਾਬਲੇ ਬੰਦ ਹੋਣ, ਐਸਜੀਪੀਸੀ ਦੀਆਂ ਚੋਣਾਂ ਦਾ ਤੁਰੰਤ ਐਲਾਨ ਹੋਵੇ, ਖਾਲਿਸਤਾਨ ਦੀ ਜੱਦੋ-ਜਹਿਦ ਜਾਰੀ ਰੱਖੀ ਜਾਵੇਗੀ : ਬੀਬੀ ਜੈਤੋ

ਸੰਧੂ ਤਰਨਤਾਰਨ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ, ਉਹ ਪਹਿਲੀ ਵਾਰ 2002 ਵਿੱਚ ਆਜ਼ਾਦ ਵਿਧਾਇਕ ਬਣੇ ਸਨ

ਯੁੱਧ ਨਸ਼ਿਆਂ ਵਿਰੁੱਧ’ ਦੇ 136ਵੇਂ ਦਿਨ ਪੰਜਾਬ ਪੁਲਿਸ ਵੱਲੋਂ 97 ਨਸ਼ਾ ਤਸਕਰ ਗ੍ਰਿਫ਼ਤਾਰ; 8.3 ਕਿਲੋ ਹੈਰੋਇਨ ਬਰਾਮਦ

ਜੂਨ84 ਘੱਲੂਘਾਰੇ ਦੇ ਮਹਾਨ ਸ਼ਹੀਦ ਜਨਰਲ ਸ਼ਾਬੇਗ ਸਿੰਘ ਮੈਮੋਰੀਅਲ ਚੈਰੀਟੇਬਲ ਟ੍ਰਸਟ ਦਾ ਅਰਦਾਸ ਕਰਕੇ ਕੀਤਾ ਉਦਘਾਟਨ ਜਥੇਦਾਰ ਗੜਗੱਜ ਨੇ

ਹਰਜੋਤ ਬੈਂਸ ਨੇ ਪੰਜਾਬ ਵਿੱਚ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ‘ਤੇ ਅਕਾਲੀਆਂ ਅਤੇ ਕਾਂਗਰਸ ਨੂੰ ਘੇਰਿਆ

ਅਮਨ ਅਰੋੜਾ ਨੇ ਬੇਅਦਬੀ ਮਾਮਲਿਆਂ ‘ਚ ਪਿਛਲੀਆਂ ਸਰਕਾਰਾਂ ਦਾ ਦੋਹਰਾ ਚਿਹਰਾ ਕੀਤਾ ਬੇਨਕਾਬ

ਪ੍ਰਸਿੱਧ ਸਮਾਜ ਸੇਵੀ ਡਾਕਟਰ ਹਰਮੀਤ ਸਿੰਘ ਸਲੂਜਾ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਸਟ ਧਾਮੀ ਵਲੋ ਵਿਸੇ਼ਸ਼ ਸਨਮਾਨ

ਸ੍ਰੀ ਦਰਬਾਰ ਸਾਹਿਬ ਨੂੰ ਉਡਾ ਦੇਣ ਦੀ ਇਕ ਹੋਰ ਧਮਕੀ ਭਰੀ ਈ ਮੇਲ ਸ਼ੋ੍ਰਮਣੀ ਕਮੇਟੀ ਨੂੰ ਮਿਲੀ