ਨਵੀਂ ਦਿੱਲੀ - ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਇੱਕ ਪ੍ਰਮੁੱਖ ਡੈਲੀਗੇਸ਼ਨ ਨੇ, ਜਿਸ ਵਿੱਚ ਭਾਰਤ ਦੇ 10 ਸ਼ਹਿਰਾਂ ਅਤੇ ਵਿਦੇਸ਼ੀ ਚੈਪਟਰਾਂ ਤੋਂ 30 ਤੋਂ ਵੱਧ ਮੈਂਬਰ ਸ਼ਾਮਲ ਸਨ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਜ ਨਾਲ ਮੁਲਾਕਾਤ ਕੀਤੀ ਗਈ । ਮੁਲਾਕਾਤ ਦੌਰਾਨ ਵਿਸ਼ਵ ਸਿੱਖ ਭਾਈਚਾਰੇ ਦੀ ਭਲਾਈ ਲਈ ਕੁਝ ਮਹੱਤਵਪੂਰਣ ਸੁਝਾਵਾਂ ਵਾਲਾ ਇੱਕ ਮੈਮੋਰੈਂਡਮ ਪੇਸ਼ ਕੀਤਾ ਗਿਆ। ਇਹ ਮੁਲਾਕਾਤ ਡਾ. ਪਰਮੀਤ ਸਿੰਘ ਚੱਢਾ (ਗਲੋਬਲ ਚੇਅਰਮੈਨ - ਡਬਲਊਐਸਸੀਸੀ) ਅਤੇ ਸਰਦਾਰ ਰਜਿੰਦਰ ਸਿੰਘ ਮਰਵਾਹਾ (ਪ੍ਰਧਾਨ, ਡਬਲਊਐਸਸੀਸੀ ਪੰਜਾਬ ਚੈਪਟਰ) ਦੀ ਅਗਵਾਈ ਹੇਠ ਹੋਈ, ਜਿਨ੍ਹਾਂ ਦੇ ਨਾਲ ਵੱਖ-ਵੱਖ ਰਾਜਾਂ ਅਤੇ ਸ਼ਹਿਰੀ ਚੈਪਟਰਾਂ ਦੇ ਸੀਨੀਅਰ ਲੀਡਰ ਵੀ ਮੌਜੂਦ ਸਨ। ਡਾ. ਪਰਮੀਤ ਸਿੰਘ ਚੱਢਾ ਨੇ ਗੁਰਮਤ ਅਸੂਲਾਂ ਅਤੇ ਆਧੁਨਿਕ ਵਿਦਿਆਵਿਧੀਆਂ ਨੂੰ ਜੋੜ ਕੇ ਇੱਕ "ਸਿੱਖ ਐਜੂਕੇਸ਼ਨ ਬੋਰਡ" ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਸਿੱਖੀ ਰੂਹ ਵਿਚ ਰਚਿਆ ਗਿਆ, ਪਰ ਆਧੁਨਿਕ ਉਤਕਰਸ਼ ਲਈ ਤਿਆਰ ਕੀਤਾ ਗਿਆ ਸਿੱਖਿਆ ਪੱਧਰ ਸਾਡੀ ਆਉਣ ਵਾਲੀ ਪੀੜ੍ਹੀ ਲਈ ਆਧਾਰਸ਼ੀਲਾ ਹੋਵੇਗਾ। ਡਬਲਊਐਸਸੀਸੀ ਨੇ ਆਪਣੇ ਮੁੱਖ ਮਿਸ਼ਨ “ਦਵਾਈ ਲੰਗਰ, ਪੜ੍ਹਾਈ ਲੰਗਰ ਅਤੇ ਕਮਾਈ ਲੰਗਰ” ਨੂੰ ਮੁੜ ਦ੍ਰਿੜ ਕਰਦੇ ਹੋਏ ਕਿਹਾ ਕਿ ਸਿਹਤ, ਸਿੱਖਿਆ ਅਤੇ ਆਰਥਿਕ ਸ਼ਕਤੀਕਰਨ ਰਾਹੀਂ ਸਮੂਹਕ ਵਿਕਾਸ ਲਈ ਇਹ ਤਿੰਨ ਮੂਲ ਤੱਤ ਜ਼ਰੂਰੀ ਹਨ। ਡਬਲਊਐਸਸੀਸੀ ਵੱਲੋਂ ਛੇ ਵੱਡੇ ਸੁਝਾਅ ਜਥੇਦਾਰ ਸਾਹਿਬ ਨੂੰ ਦਿੱਤੇ ਗਏ ਜਿਨ੍ਹਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਵੱਡਾ ਸਮਾਗਮ ਅੰਮ੍ਰਿਤਸਰ ਵਿਖੇ ਕਰਵਾਉਣਾ, ਇੱਕ ਵੱਖਰਾ “ਸਿੱਖ ਐਜੂਕੇਸ਼ਨ ਬੋਰਡ” ਬਣਾਉਣਾ, ਡਬਲਊਐਸਸੀਸੀ ਨੂੰ ਇੱਕ ਗਲੋਬਲ ਸਿੱਖ ਪ੍ਰੋਫੈਸ਼ਨਲ ਅਤੇ ਬਿਜ਼ਨਸ ਸੰਸਥਾ ਵਜੋਂ ਮਨਜ਼ੂਰੀ ਦੇਣਾ, “ਗਲੋਬਲ ਸਿੱਖ ਐਮਪਾਵਰਮੈਂਟ ਕਾਨਫਰੰਸ” ਅੰਮ੍ਰਿਤਸਰ ਵਿੱਚ ਕਰਵਾਉਣਾ, ਗੁਰਮਤ ਦੇ ਅਨੁਸਾਰ ਸਾਦਾ ਦਾਲ-ਰੋਟੀ ਲੰਗਰ ਪ੍ਰਚਲਿਤ ਕਰਨ ਲਈ ਪੰਥਕ ਹੁਕਮਨਾਮਾ ਜਾਰੀ ਕਰਨਾ, “ਪੜ੍ਹਾਈ ਲੰਗਰ” ਅਭਿਆਨ ਰਾਹੀਂ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਅਵਸ਼ਕਰਤ ਸਿੱਖ ਵਿਦਿਆਰਥੀਆਂ ਦੀ ਸਹਾਇਤਾ ਕਰਨਾ। ਜਥੇਦਾਰ ਸਾਹਿਬ ਨੇ ਡਬਲਊਐਸਸੀਸੀ ਦੇ ਉਪਰਾਲਿਆਂ ਦੀ ਖੁਲ੍ਹੀ ਦਿਲੋਂ ਤਾਰੀਫ਼ ਕੀਤੀ ਅਤੇ ਭਵਿੱਖ ਵਿਚ ਪੰਥਕ ਹਿੱਤਾਂ ਲਈ ਹਮੇਸ਼ਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਡੈਲੀਗੇਸ਼ਨ ਵਿੱਚ ਅਮਰਿੰਦਰ ਸਿੰਘ ਕੌਛੜ (ਚੰਡੀਗੜ੍ਹ ਚੈਪਟਰ ਦੇ ਚੇਅਰਮੈਨ), ਮਨਮੀਤ ਸਿੰਘ ਭੱਟੀ (ਵਾਈਸ ਪ੍ਰੇਸੀਡੈਂਟ - ਚੰਡੀਗੜ੍ਹ), ਹਰਪ੍ਰੀਤ ਸਿੰਘ (ਚੇਅਰਮੈਨ - ਹਰਿਆਣਾ ਚੈਪਟਰ), ਹਰਮੀਤ ਸਿੰਘ ਵਿਰਦੀ (ਪ੍ਰਧਾਨ - ਸ਼ਿਮਲਾ), ਡਾ. ਹਰਮੀਤ ਸਿੰਘ ਅਰੋੜਾ, ਡਾ. ਹਰਮੀਤ ਸਿੰਘ ਸਲੂਜਾ (ਅੰਮ੍ਰਿਤਸਰ), ਹਰਪਾਲ ਸਿੰਘ ਅਹਲੂਵਾਲੀਆ (ਜੱਸਾ ਸਿੰਘ ਅਹਲੂਵਾਲੀਆ ਫੈਡਰੇਸ਼ਨ), ਰੁਪਿੰਦਰ ਸਿੰਘ ਕਟਾਰੀਆ, ਆਰਕੀਟੈਕਟ ਜਸਬੀਰ ਸਿੰਘ ਅਹਲੂਵਾਲੀਆ, ਜਤਿੰਦਰ ਸਿੰਘ ਬੌਬੀ ਬਾਦਸ਼ਾਹ, ਪਰਮਿੰਦਰ ਸਿੰਘ ਗੋਲਡੀ, ਬੌਬੀ ਧੰਜਲ, ਡਾ. ਜੌਲੀ, ਅਮਰਜੀਤ ਸਿੰਘ ਨਰੰਗ (ਸੀਏ), ਪਰਮਜੀਤ ਸਿੰਘ ਤੇਗ (ਐਡਵੋਕੇਟ), ਸੁਖਵਿੰਦਰ ਸਿੰਘ (ਹੋਟਲ ਮਾਲਕ), ਅਤੇ ਅਵਤਾਰ ਸਿੰਘ (ਕੈਨੇਡਾ) ਸਮੇਤ ਹੋਰ ਸੱਜਣ ਵੀਂ ਮੌਜੂਦ ਸਨ । ਇਹ ਮੁਲਾਕਾਤ ਪੰਥਕ ਵਿਕਾਸ ਦੀ ਸੰਯੁਕਤ ਦਿਸ਼ਾ ਲਈ ਇਕਜੁਟਤਾ ਅਤੇ ਸੰਕਲਪ ਦੇ ਭਾਵ ਨਾਲ ਸਮਾਪਤ ਹੋਈ।