ਨਵੀਂ ਦਿੱਲੀ- 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਅਕਾਲੀ ਦਲ ਬਾਦਲ ਵਿਚ ਸਰਗਰਮ ਰਹੇ ਵੱਖ-ਵੱਖ ਵੋਟ ਰਾਜਨੀਤਕ ਆਗੂਆਂ, ਸ਼ਿਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਤਖਤਾਂ ਦੇ ਜਥੇਦਾਰਾਂ ਵਲੋਂ ਸਾਂਝੇ ਰੂਪ ਵਿਚ ਸੰਗਤ ਦੇ ਸਨਮੁਖ ਪੰਜ ਗੁਨਾਹ ਕਬੂਲ ਕੀਤੇ ਗਏ ਸਨ, ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਤੇ ਸ਼ਬਦ ਗੁਰੂ ਦੀ ਘੋਰ ਬੇਅਦਬੀ ਕਰਨ ਵਾਲਿਆਂ (ਜਿਵੇਂ ਕਿ ਸਿਰਸੇ ਵਾਲੇ ਪਾਖੰਡੀ) ਨਾਲ ਸਾਂਝ ਰੱਖਣੀ ਤੇ ਉਹਨਾ ਦੀ ਪੁਸ਼ਤਪੁਨਾਹੀ ਕਰਨੀ, ਗੁਰੂ ਖਾਲਸਾ ਪੰਥ ਦੇ ਦੋਖੀਆਂ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਜਾਲਮ ਪੁਲਿਸ ਅਫਸਰਾਂ ਨੂੰ ਪ੍ਰਸ਼ਾਸਨਿਕ ਅਤੇ ਰਾਜਸੀ ਅਹੁਦੇ ਦੇਣੇ ਤੇ ਉਹਨਾ ਦੀ ਪੁਸ਼ਤਪਨਾਹੀ ਕਰਨੀ, ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਮੌਰਤਾ ਅਤੇ ਸਾਖ ਨੂੰ ਢਾਹ ਲਾਉਣੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਾਖ, ਖੁਦਮੁਖਤਿਆਰੀ ਅਤੇ ਨਿਰਪੱਖਤਾ ਨੂੰ ਢਾਹ ਲਾਉਣੀ ਅਤੇ ਸਿੱਖਾਂ ਦੀ ਜਥੇਬੰਦੀ ਅਕਾਲੀ ਦਲ ਦਾ ਚਰਿੱਤਰ ਬਦਲ ਕੇ ਇਸ ਨੂੰ ਪੰਜਾਬੀ ਪਾਰਟੀ ਬਣਾਉਣ ਵਰਗੇ ਗੁਨਾਹ ਸ਼ਾਮਲ ਹਨ। ਅਕਾਲੀ ਦਲ ਦੇ ਇਸ ਸਥਿਤੀ ਵਿੱਚ ਪਹੁੰਚਣ ਸਬੰਧੀ ਮੰਥਨ ਹੋਣਾ ਚਾਹੀਦਾ ਸੀ ਜੋ ਨਹੀਂ ਹੋ ਸਕਿਆ ਜਿਸ ਕਰਕੇ ਪੁਨਰ ਸੁਰਜੀਤੀ ਕਰਨ ਦੇ ਵਿਧੀ ਵਿਧਾਨ ਅਤੇ ਨੀਤੀ ਵਿੱਚ ਖੱਪਾ ਰਹਿ ਗਿਆ ਹੈ। ਇਸ ਸਾਰੇ ਕਰਕੇ ਪੰਥ ਵਿਚ ਸੂਤਰਧਾਰਤਾ ਹੋਣ ਦੀ ਬਜਾਏ ਖਿੰਡਾਓ ਅਤੇ ਭੰਬਲਭੂਸਾ ਹੋਰ ਵੀ ਵਧ ਗਿਆ ਹੈ। ਰਹਿ ਗਏ ਖੱਪੇ ਨੂੰ ਦੂਰ ਕਰਨ ਹਿਤ ਅਤੇ ਇਸ ਅਸਪਸ਼ਟਤਾ ਅਤੇ ਦੁਬਿਧਾ ਦੇ ਮਹੌਲ ਵਿੱਚ ਅੱਜ ਮਾਲਵੇ ਦੇ ਸਿੱਖੀ ਦੇ ਕੇਂਦਰ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੇ ਨੁਮਾਇੰਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਹੋਰ ਪੰਥਕ ਜਥਿਆਂ ਅਤੇ ਸਖਸ਼ੀਅਤਾਂ ਦੀ ਇੱਕ ਬੈਠਕ ਹੋਈ, ਜਿਸ ਵਿੱਚ ਇਹ ਗੱਲ ਉੱਭਰ ਕੇ ਆਈ ਕਿ ਇਨਾਂ ਸਭ ਕੁਝ ਵਾਪਰਨ ਤੋਂ ਬਾਅਦ ਅਕਾਲੀ ਦਲ ਵਿੱਚ ਗੱਲ ਸਿਰਫ਼ ਚਿਹਰੇ ਬਦਲਣ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਸਗੋਂ ਲੋੜ ਤਾਂ ਢਾਂਚਾਗਤ ਤਬਦੀਲੀਆਂ ਦੀ ਹੈ ਜਿਸ ਪਾਸੇ ਠੋਸ ਯਤਨ ਨਹੀ ਹੋ ਸਕੇ। ਇਹ ਸਮਾਂ ਐਲਾਨ ਕਰਨ ਦਾ ਨਹੀਂ ਸਗੋਂ ਗੰਭੀਰ ਵਿਚਾਰ ਕਰਨ ਦਾ ਹੈ। ਬੈਠਕ ਵਿੱਚ ਇਹ ਤੈਅ ਹੋਇਆ ਕਿ ਅਕਾਲੀ ਦਲ ਦਾ ਵਿਧੀ ਵਿਧਾਨ ਅਤੇ ਨੀਤੀ ਨੂੰ ਸਪਸ਼ਟ ਕਰਨ ਲਈ ਦੇਸ਼ ਵਿਦੇਸ਼ ਤੋਂ ਸਮੁੱਚੇ ਸਿੱਖ ਨੁਮਾਇੰਦਿਆ ਨਾਲ ਵਿਚਾਰ ਚਰਚਾ ਕੀਤੀ ਜਾਵੇ। ਇਹ ਵਿਚਾਰ ਚਰਚਾ ਮਸਤੂਆਣਾ ਸਾਹਿਬ ਵਿਖੇ 1 ਅਗਸਤ ਤੋਂ 3 ਅਗਸਤ 2025 ਤੱਕ ਹੋਵੇਗੀ। ਵਿਚਾਰ ਚਰਚਾ ਦੌਰਾਨ ਆਏ ਵਿਚਾਰਾਂ ਦੇ ਆਧਾਰ ’ਤੇ ਲਿਖਤੀ ਖਰੜਾ ਵੀ ਤਿਆਰ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਇਤਿਹਾਸ ਵਿਚ ਪੰਥ ਦੇ ਅਜਿਹੇ ਮਸਲਿਆਂ ਸਬੰਧੀ ਸੰਤ ਅਤਰ ਸਿੰਘ ਜੀ ਦੀ ਅਹਿਮ ਭੂਮਿਕਾ ਰਹੀ ਹੈ ਜਿਸ ਕਰਕੇ ਇਹ ਵਿਚਾਰ ਚਰਚਾ ਸੰਤ ਅਤਰ ਸਿੰਘ ਜੀ ਦੀ 100 ਸਾਲਾ ਬਰਸੀ ਨੂੰ ਸਮਰਪਿਤ ਹੋਵੇਗੀ, ਇਸ ਤੋਂ ਬਾਅਦ ਇਸੇ ਲੜੀ ਤਹਿਤ ਪੰਥ ਪੰਜਾਬ ਦੇ ਹੋਰ ਅਹਿਮ ਮੁੱਦਿਆਂ ‘ਤੇ ਵੀ ਸਮਾਗਮ ਉਲੀਕੇ ਜਾਣਗੇ।
ਇਹ ਜਾਣਕਾਰੀ ਬਾਬਾ ਹਰਦੀਪ ਸਿੰਘ ਮਹਿਰਾਜ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ ਗਈ। ਇਸ ਬੈਠਕ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਅਕਾਲ ਕਾਲਜ ਕੌਂਸਲ ਤੋਂ ਸਕੱਤਰ ਸ.ਜਸਵੰਤ ਸਿੰਘ ਖਹਿਰਾ, ਕੌਂਸਲ ਮੈਂਬਰ ਗਮਦੂਰ ਸਿੰਘ, ਸਿਆਸਤ ਸਿੰਘ ਗਿੱਲ, ਗੁਰਜੰਟ ਸਿੰਘ ਦੁੱਗਾਂ ਅਤੇ ਡਾ. ਗੁਰਮੀਤ ਸਿੰਘ, ਲਖਵਿੰਦਰ ਸਿੰਘ ਕਾਨ੍ਹੇਕੇ (ਦੀਵਾਨ ਟੋਡਰ ਮੱਲ ਸੋਸਾਇਟੀ), ਲੁਧਿਆਣਾ ਤੋਂ ਇੰਟਰਨੇਸ਼ਨਲ ਸਿੱਖ ਫੈਡਰੇਸ਼ਨ ਨਾਲ ਸਬੰਧਤ ਸ.ਮੇਜਰ ਸਿੰਘ, ਸ.ਜਸਪਾਲ ਸਿੰਘ ਅਤੇ ਸ.ਅਜਮੇਰ ਸਿੰਘ ਮੰਡੇਰ ਅਤੇ ਹੋਰ ਬਹੁਤ ਸਾਰੀ ਸੰਸਥਾਵਾਂ ਤੋਂ ਸਖਸੀਅਤਾਂ ਹਾਜ਼ਰ ਸਨ।