ਨਵੀਂ ਦਿੱਲੀ- ਕਿਸੇ ਵੀ ਜੁਝਾਰੂ ਕੌਮ ’ਚ ਸ਼ਹੀਦ ਦਾ ਰੁਤਬਾ ਬਹੁਤ ਉੱਚਾ ਹੁੰਦਾ ਹੈ ਤੇ ਉਹਨਾਂ ਦੇ ਵਾਰਸਾਂ ਦਾ ਫਰਜ਼ ਹੁੰਦਾ ਹੈ ਕਿ ਉਹਨਾਂ ਦੇ ਦਰਸਾਏ ਰਾਹ ’ਤੇ ਚੱਲਿਆ ਜਾਵੇ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਸ਼ਹੀਦ ਸਮਾਗਮ 29 ਜੁਲਾਈ ਨੂੰ ਉਹਨਾਂ ਦੇ ਜੱਦੀ ਪਿੰਡ ਬੁੱਧ ਸਿੰਘ ਵਾਲਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ’ਚ ਵੱਧ ਤੋਂ ਵੱਧ ਸੰਗਤ ਨੂੰ ਪੁੱਜਣ ਦੀ ਅਪੀਲ ਕੀਤੀ ਜਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕੀਤਾ। ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿਚ ਦਲ ਖ਼ਾਲਸਾ ਦੇ ਆਗੂ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜੀਵਨ ਸਿੰਘ ਗਿੱਲ ਕਲਾ, ਭਾਈ ਰਾਮ ਸਿੰਘ ਢਪਾਲੀ, ਬਲਕਰਨ ਸਿੰਘ ਡੱਬਵਾਲੀ, ਭਾਈ ਭਗਵਾਨ ਸਿੰਘ ਸੰਧੂ ਖੁਰਦ, ਸ਼ਹੀਦ ਭਰਾਵਾਂ ਦੇ ਭਰਾ ਭਾਈ ਸੁਰਿੰਦਰ ਸਿੰਘ ਨਥਾਣਾ ਨੇ ਕਿਹਾ ਕਿ ਗੁਲਾਮੀ ਦੀਆਂ ਜੰਜੀਰਾਂ ਨੂੰ ਵੱਢਣ ਲਈ ਸ਼ਹੀਦੀਆਂ ਦੇਣ ਵਾਲੇ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਜਿਉਂਦਾ ਜਾਗਦਾ ਰੱਖੀਏ ਅਤੇ ਉਹਨਾਂ ਦੀਆਂ ਸ਼ਹਾਦਤਾਂ ਵਾਲੇ ਦਿਨ ਸਰਧਾਂਜਲੀਆਂ ਦੇਣ ਲਈ ਸਮਾਗਮਾਂ ’ਚ ਹਾਜਰੀਆਂ ਭਰੀਆਂ ਜਾਣ। ਉਹਨਾਂ ਦੱਸਿਆ ਕਿ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਤੀਜੇ ਮੁਖੀ ਸਨ, ਉਹਨਾਂ ਦਾ ਨਾਂ ਚੋਟੀ ਦੇ ਜਾਂਬਾਜ਼ ਜਰਨੈਲਾਂ ’ਚ ਬੋਲਦਾ ਸੀ। ਭਾਈ ਬੁਧ ਸਿੰਘ ਵਾਲਾ ਨੇ 1986 ਤੋਂ ਲੈ ਕੇ ਛੇ ਸਾਲ ਹਥਿਆਰਬੰਦ ਸੇਵਾ ਕੀਤੀ ਤੇ 29 ਜੁਲਾਈ 1992 ਨੂੰ ਲੁਧਿਆਣਾ ਵਿਖੇ ਸ਼ਹੀਦ ਹੋ ਗਏ ਸਨ। ਪੁਲਿਸ ਨੇ ਭਾਈ ਗੁਰਜੰਟ ਸਿੰਘ ਦੇ ਦੋ ਭਰਾਵਾਂ ਨੂੰ ਅਗਵਾ ਕਰਕੇ ਅੰਨਾ ਤਸ਼ੱਦਦ ਕਰਨ ਬਾਅਦ ਸ਼ਹੀਦ ਕੀਤਾ ਤੇ ਲਾਸ਼ਾਂ ਖੁਰਦ ਬੁਰਦ ਕਰ ਦਿੱਤੀਆਂ ਸਨ।