ਨਵੀਂ ਦਿੱਲੀ- ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਸੋਮਵਾਰ ਨੂੰ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਵਿਰੋਧੀ ਪਾਰਟੀਆਂ ਨੇ 'ਆਪ੍ਰੇਸ਼ਨ ਸਿੰਦੂਰ' 'ਤੇ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਬਿਹਾਰ ਵਿੱਚ ਵੋਟਰ ਸੂਚੀ ਦੇ ਵਿਸ਼ੇਸ਼ ਤੀਬਰ ਸੋਧ 'ਤੇ ਸਰਕਾਰ ਨਾਲ ਚਰਚਾ ਦੀ ਮੰਗ ਕੀਤੀ। ਇਸ ਮੰਗ 'ਤੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ ਹੋ ਗਏ, ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਪ੍ਰਭਾਵਿਤ ਹੋਈ ਅਤੇ ਕਈ ਵਾਰ ਮੁਲਤਵੀ ਕਰਨ ਦੀ ਲੋੜ ਪਈ।
ਭਾਜਪਾ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਨੇ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ ਪਹਿਲੇ ਦਿਨ ਤੋਂ ਹੀ ਵਿਰੋਧੀ ਧਿਰ ਬੇਲੋੜੇ ਮੁੱਦਿਆਂ 'ਤੇ ਸਦਨ ਦੀ ਕਾਰਵਾਈ ਵਿੱਚ ਰੁਕਾਵਟ ਪਾ ਰਹੀ ਹੈ। ਸਰਕਾਰ 'ਆਪ੍ਰੇਸ਼ਨ ਸਿੰਦੂਰ' 'ਤੇ ਚਰਚਾ ਕਰਨ ਲਈ ਸਹਿਮਤ ਹੋ ਗਈ, ਫਿਰ ਵੀ ਵਿਰੋਧੀ ਧਿਰ ਅੱਜ ਐਸ ਆਈ ਆਰ ਦਾ ਨਵਾਂ ਮੁੱਦਾ ਲੈ ਕੇ ਆਈ ਹੈ ਅਤੇ ਸਦਨ ਨੂੰ ਕੰਮ ਨਹੀਂ ਕਰਨ ਦਿੱਤਾ। ਜਦੋਂ ਸਰਕਾਰ ਚਰਚਾ ਲਈ ਤਿਆਰ ਹੈ, ਤਾਂ ਫਿਰ ਹੰਗਾਮਾ ਕਿਉਂ? ਵਿਰੋਧੀ ਧਿਰ ਕੋਲ ਠੋਸ ਤੱਥ ਨਹੀਂ ਹਨ, ਇਸ ਲਈ ਉਹ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਹੀ ਰੌਲਾ ਪਾ ਰਹੇ ਹਨ।
ਕਾਂਗਰਸ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਐਸ.ਆਈ.ਆਰ. ਨੂੰ ਲੋਕਤੰਤਰ ਨਾਲ ਜੁੜਿਆ ਸਭ ਤੋਂ ਮਹੱਤਵਪੂਰਨ ਮੁੱਦਾ ਕਰਾਰ ਦਿੱਤਾ ਅਤੇ ਕਿਹਾ ਕਿ ਜੇਕਰ ਦੇਸ਼ ਦੇ ਨਾਗਰਿਕਾਂ ਨੂੰ ਡਰ ਲੱਗਣ ਲੱਗ ਪੈਂਦਾ ਹੈ ਕਿ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚੋਂ ਹਟਾ ਦਿੱਤਾ ਜਾਵੇਗਾ, ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਸੀਂ ਸਿਰਫ਼ 30 ਸਕਿੰਟਾਂ ਲਈ ਇਜਾਜ਼ਤ ਮੰਗੀ ਸੀ ਤਾਂ ਜੋ ਅਸੀਂ ਐਸ.ਆਈ.ਆਰ. ਮੁੱਦਾ ਸਦਨ ਵਿੱਚ ਉਠਾ ਸਕੀਏ। ਸਰਕਾਰ ਚਰਚਾ ਤੋਂ ਬਚ ਰਹੀ ਹੈ। ਅਸੀਂ ਸਪੀਕਰ ਨੂੰ ਵੀ ਬੇਨਤੀ ਕੀਤੀ ਸੀ।
ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਸਰਕਾਰ 'ਤੇ ਸਦਨ ਤੋਂ ਸੱਚਾਈ ਲੁਕਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਗਾਮ ਹਮਲੇ ਅਤੇ 'ਆਪ੍ਰੇਸ਼ਨ ਸਿੰਦੂਰ' ਵਰਗੇ ਗੰਭੀਰ ਮਾਮਲਿਆਂ 'ਤੇ ਚਰਚਾ ਨਹੀਂ ਚਾਹੁੰਦੀ। ਅਸੀਂ ਨਾ ਵੈਲ ਵਿੱਚ ਆਏ , ਨਾ ਹੀ ਨਾਅਰੇ ਲਗਾਏ, ਫਿਰ ਵੀ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ। ਸਰਕਾਰ ਨਹੀਂ ਚਾਹੁੰਦੀ ਕਿ ਦੇਸ਼ ਸੱਚਾਈ ਜਾਣੇ।
ਕਾਂਗਰਸ ਸੰਸਦ ਮੈਂਬਰ ਪ੍ਰਣੀਤੀ ਸ਼ਿੰਦੇ ਨੇ ਕਿਹਾ ਕਿ ਵਿਰੋਧੀ ਧਿਰ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਅਸੀਂ ਨਾ ਤਾਂ ਰੌਲਾ ਪਾਇਆ, ਨਾ ਵੈਲ ਵਿੱਚ ਆਏ, ਫਿਰ ਵੀ ਸਪੀਕਰ ਨੇ ਸਦਨ ਨੂੰ ਮੁਲਤਵੀ ਕਰ ਦਿੱਤਾ। ਸਾਡਾ ਭਾਸ਼ਣ ਆਪ੍ਰੇਸ਼ਨ ਸਿੰਦੂਰ 'ਤੇ ਤਿਆਰ ਸੀ। ਪਰ, ਸਰਕਾਰ ਚਰਚਾ ਤੋਂ ਭੱਜ ਰਹੀ ਹੈ। ਅਸੀਂ ਸਿਰਫ਼ ਇਹ ਚਾਹੁੰਦੇ ਹਾਂ ਕਿ ਸਰਕਾਰ ਐਸ.ਆਈ.ਆਰ. 'ਤੇ ਵੀ ਚਰਚਾ ਕਰਨ ਦਾ ਵਾਅਦਾ ਕਰੇ।
ਕਾਂਗਰਸ ਦੇ ਸੰਸਦ ਮੈਂਬਰ ਮਣਿਕਮ ਟੈਗੋਰ ਨੇ ਦੋਸ਼ ਲਗਾਇਆ ਕਿ ਸਰਕਾਰ ਪਹਿਲਗਾਮ ਅਤੇ 'ਆਪ੍ਰੇਸ਼ਨ ਸਿੰਦੂਰ' 'ਤੇ ਚਰਚਾ ਤੋਂ ਬਚ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸੀਂ ਵਿਸ਼ੇਸ਼ ਸੈਸ਼ਨ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਕੋਈ ਤਾਰੀਖ਼ ਤੈਅ ਨਹੀਂ ਕੀਤੀ। ਅੱਜ ਵੀ ਸਰਕਾਰ ਨਵੇਂ-ਨਵੇਂ ਬਹਾਨੇ ਬਣਾ ਰਹੀ ਹੈ ਤਾਂ ਜੋ ਚਰਚਾ ਕਰਨ ਦੀ ਲੋੜ ਨਾ ਪਵੇ। ਪ੍ਰਧਾਨ ਮੰਤਰੀ ਸਦਨ ਵਿੱਚ ਮੌਜੂਦ ਨਹੀਂ ਹਨ, ਸਰਕਾਰ ਬਹਿਸ ਤੋਂ ਡਰਦੀ ਹੈ।