ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਵਿੱਚ ਦਵਾਈਆਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਆਯਾਤ ਕੀਤੀਆਂ ਦਵਾਈਆਂ 'ਤੇ ਡਿਊਟੀ (ਟੈਰਿਫ) ਨੂੰ ਹੌਲੀ-ਹੌਲੀ 250 ਪ੍ਰਤੀਸ਼ਤ ਤੱਕ ਵਧਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ, "ਅਸੀਂ ਸ਼ੁਰੂ ਵਿੱਚ ਦਵਾਈਆਂ 'ਤੇ ਇੱਕ ਛੋਟੀ ਜਿਹੀ ਡਿਊਟੀ ਲਗਾਵਾਂਗੇ, ਪਰ ਇੱਕ ਸਾਲ, ਡੇਢ ਸਾਲ ਵਿੱਚ ਇਹ 150 ਪ੍ਰਤੀਸ਼ਤ ਅਤੇ ਫਿਰ 250 ਪ੍ਰਤੀਸ਼ਤ ਤੱਕ ਵਧ ਜਾਵੇਗੀ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਦਵਾਈਆਂ ਸਾਡੇ ਦੇਸ਼ ਵਿੱਚ ਬਣਾਈਆਂ ਜਾਣ।"
ਟਰੰਪ ਨੇ ਇਹ ਵੀ ਖੁਲਾਸਾ ਕੀਤਾ ਕਿ ਅਮਰੀਕਾ ਆਉਣ ਵਾਲੇ ਹਫ਼ਤਿਆਂ ਵਿੱਚ ਵਿਦੇਸ਼ੀ ਸੈਮੀਕੰਡਕਟਰਾਂ ਅਤੇ ਚਿਪਸ 'ਤੇ ਵੀ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ, ਹਾਲਾਂਕਿ ਉਨ੍ਹਾਂ ਨੇ ਕੋਈ ਵਿਸਤ੍ਰਿਤ ਵੇਰਵਾ ਨਹੀਂ ਦਿੱਤਾ।
ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਟਰੰਪ ਫਾਰਮਾਸਿਊਟੀਕਲ ਉਦਯੋਗ 'ਤੇ ਦਬਾਅ ਵਧਾ ਰਹੇ ਹਨ ਤਾਂ ਜੋ ਕੰਪਨੀਆਂ ਅਮਰੀਕਾ ਵਿੱਚ ਹੀ ਦਵਾਈਆਂ ਦਾ ਨਿਰਮਾਣ ਕਰਨ। ਉਨ੍ਹਾਂ ਨੇ ਹਾਲ ਹੀ ਵਿੱਚ ਪ੍ਰਮੁੱਖ ਦਵਾਈ ਸਪਲਾਇਰਾਂ ਤੋਂ ਕੀਮਤਾਂ ਵਿੱਚ ਭਾਰੀ ਕਟੌਤੀ ਦੀ ਮੰਗ ਕੀਤੀ ਹੈ, ਨਹੀਂ ਤਾਂ ਹੋਰ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
ਇਸ ਤੋਂ ਪਹਿਲਾਂ, ਟਰੰਪ ਨੇ ਭਾਰਤ ਵਿਰੁੱਧ ਆਪਣਾ ਵਪਾਰਕ ਰੁਖ਼ ਵੀ ਸਖ਼ਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਗਲੇ 24 ਘੰਟਿਆਂ ਦੇ ਅੰਦਰ ਭਾਰਤ 'ਤੇ ਆਯਾਤ ਡਿਊਟੀ ਵਧਾਏਗਾ, ਜੋ ਕਿ ਪਹਿਲਾਂ ਐਲਾਨੇ ਗਏ 25 ਪ੍ਰਤੀਸ਼ਤ ਨਾਲੋਂ ਕਿਤੇ ਜ਼ਿਆਦਾ ਹੈ।
ਟਰੰਪ ਨੇ ਭਾਰਤ 'ਤੇ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦਣ ਅਤੇ ਫਿਰ ਮੁਨਾਫ਼ੇ ਲਈ ਇਸਨੂੰ ਦੁਬਾਰਾ ਵੇਚਣ ਦਾ ਦੋਸ਼ ਲਗਾਇਆ।
ਭਾਰਤ ਨੇ ਅਮਰੀਕੀ ਰਾਸ਼ਟਰਪਤੀ ਦੇ ਇਨ੍ਹਾਂ ਦੋਸ਼ਾਂ ਨੂੰ "ਅਨਿਆਂਪੂਰਨ ਅਤੇ ਬੇਬੁਨਿਆਦ" ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਰਾਸ਼ਟਰੀ ਹਿੱਤਾਂ ਅਤੇ ਆਰਥਿਕ ਸੁਰੱਖਿਆ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ।
ਰੂਸ ਨੇ ਵੀ ਟਰੰਪ ਦੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ ਅਤੇ ਅਮਰੀਕਾ ਦੀ ਦਬਾਅ ਨੀਤੀ ਨੂੰ "ਗੈਰ-ਕਾਨੂੰਨੀ" ਕਰਾਰ ਦਿੱਤਾ ਹੈ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਪ੍ਰਭੂਸੱਤਾ ਸੰਪੰਨ ਦੇਸ਼ਾਂ ਨੂੰ ਆਪਣੇ ਵਪਾਰ ਅਤੇ ਆਰਥਿਕ ਸਹਿਯੋਗ ਭਾਈਵਾਲਾਂ ਦਾ ਫੈਸਲਾ ਲੈਣ ਦਾ ਅਧਿਕਾਰ ਹੈ।