ਚੰਡੀਗੜ - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ. ) ਨਾਲ ਬਿਨਾਂ ਦਸਤਾਰ ਤੋਂ ਬਣਾਈ ਮਰਹੂਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਫੋਟੋ ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਜੱਥੇਦਾਰ ਛੋਟੇਪੁਰ ਨੇ ਕਿਹਾ ਕਿ , ਤਕਨੀਕ ਦੇ ਯੁੱਗ ਵਿੱਚ ਸਿੱਖ ਕਿਰਦਾਰਾਂ ਨੂੰ ਨਿਸ਼ਾਨਾ ਬਣਾਉਣਾ ਗਿਣੀ ਮਿਥੀ ਸਾਜਿਸ਼ ਹੈ। ਜੱਥੇਦਾਰ ਛੋਟੇਪੁਰ ਨੇ ਮਰਹੂਮ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਦੀ ਬਿਨਾਂ ਦਸਤਾਰ ਵਾਲੀ ਫ਼ੋਟੋ ਬਣਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਜੱਥੇਦਾਰ ਛੋਟੇਪੁਰ ਨੇ ਕਿਹਾ ਕਿ ਅੱਜ ਏ ਆਈ ਦੀ ਮਦਦ ਨਾਲ ਸਭ ਤੋ ਵੱਡੀ ਹਮਲੇ ਸਿੱਖ ਭਾਈਚਾਰੇ ਤੇ ਕੀਤੇ ਜਾ ਰਹੇ ਹਨ। ਮਰਹੂਮ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਦੀ ਬਗੈਰ ਦਸਤਾਰ ਫੋਟੋ ਬਣਾਕੇ ਪੇਸ਼ ਕਰਨਾ ਸਰਾਸਰ ਸਿੱਖ ਕਿਰਦਾਰਾਂ ਨੂੰ ਬਦਨਾਮ ਕਰਨਾ ਹੈ। ਜੱਥੇਦਾਰ ਛੋਟੇਪੁਰ ਨੇ ਕਿਹਾ ਕਿ ਬੇਸ਼ਕ ਸਰਦਾਰ ਮਨਮੋਹਨ ਸਿੰਘ ਕਿਸੇ ਵੀ ਸਿਆਸੀ ਧਿਰ ਨਾਲ ਰਹੇ ਹੋਣ, ਬਤੌਰ ਪ੍ਰਧਾਨ ਮੰਤਰੀ ਓਹਨਾਂ ਨੇ ਆਪਣੀ ਇਮਾਨਦਾਰੀ ਅਤੇ ਬੇਦਾਗ ਕਰੀਅਰ ਨਾਲ ਸਿੱਖ ਕੌਮ ਦਾ ਨਾਮ ਦੁਨੀਆਂ ਭਰ ਵਿੱਚ ਰੌਸ਼ਨ ਕੀਤਾ। ਦੁਨੀਆਂ ਦੇ ਸਭ ਤੋ ਵੱਡੇ ਅਰਥਸ਼ਾਸਤਰੀ ਦੇ ਤੌਰ ਤੇ ਓਹਨਾ ਦੀ ਪਛਾਣ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ । ਜੱਥੇਦਾਰ ਛੋਟੇਪੁਰ ਨੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਸਿੱਖ ਕਿਰਦਾਰਾਂ ਦੇ ਚਿਹਰਿਆਂ ਨਾਲ ਕੀਤੀ ਜਾ ਰਹੀ ਸਾਜਿਸ਼ੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ , ਇਸ ਕਰਕੇ ਇਹਨਾਂ ਸ਼ਰਾਰਤੀ ਅਨਸਰਾਂ ਖਿਲਾਫ ਕੇਸ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ।