ਚੰਡੀਗੜ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਅਤੇ ਪੰਜਾਬ ਦੀ ਸੱਤਾ ਧਿਰ ਵਲੋਂ ਖੇਡੀ ਜਾ ਰਹੀ ਸਿਆਸੀ ਨੂਰਾ ਕੁਸ਼ਤੀ ਨੂੰ ਬੰਦ ਕਰਨ ਅਤੇ ਦੋਹਾਂ ਹੀ ਸੱਤਾਧਾਰੀ ਪਾਰਟੀਆਂ ਨੂੰ ਸੂਬੇ ਨਾਲ ਜੁੜੇ ਮਸਲੇ ਹੱਲ ਕਰਨ ਵੱਲ ਧਿਆਨ ਦੇਣ ਦੀ ਲੋੜ ਤੋਂ ਜਾਣੂ ਕਰਵਾਇਆ ਹੈ। ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਇੱਕ ਸਿਆਸੀ ਡਰਾਮੇ ਹੇਠ ਪੰਜਾਬ ਦੇ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਦੋਹੇ ਸੱਤਾ ਧਿਰ ਨਾਲ ਜੁੜੀਆਂ ਪਾਰਟੀਆਂ ਆਪਣੀ ਕੋਸ਼ਿਸ਼ ਵਿੱਚ ਹਨ। ਅੱਜ ਪੰਜਾਬ ਦੇ ਤਾਜ਼ਾ ਹਾਲਤਾਂ ਤੋਂ ਹਰ ਕੋਈ ਚਿੰਤਤ ਹੈ। ਹਰ ਖੇਤਰ ਵਿੱਚ ਸੂਬੇ ਦੀ ਹਾਲਤ ਬਦ ਤੋ ਬਦਤਰ ਹੈ। ਇਹਨਾਂ ਹਾਲਤਾਂ ਤੇ ਗੰਭੀਰਤਾ ਨਾਲ ਫੈਸਲਾ ਲੈਣ ਦੀ ਬਜਾਏ ਸਿਆਸੀ ਨੂਰਾ ਕੁਸ਼ਤੀ ਦਾ ਰਸਤਾ ਅਖ਼ਤਿਆਰ ਕੀਤਾ ਗਿਆ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੋਹਾਂ ਸਰਕਾਰਾਂ ਦੀ ਬੇਰੁੱਖੀ ਦੇ ਕਾਰਨ ਪੰਜਾਬ ਦੇ ਕਿਸਾਨ ਪ੍ਰੇਸ਼ਾਨ ਹੈ। ਕੋਈ ਉਦਯੋਗਿਕ ਨੀਤੀ ਨਾ ਬਣਨ ਨਾਲ ਸੂਬੇ ਵਿੱਚੋ ਵੱਡੇ ਉਦਯੋਗਿਕ ਪਲਾਟ ਬਾਹਰ ਜਾ ਰਹੇ ਹਨ। ਨੌਜਵਾਨਾਂ ਨੂੰ ਬੇਰੁਜਗਾਰੀ ਦੇ ਆਲਮ ਵਿਚੋਂ ਗੁਜਰਨਾ ਪੈ ਰਿਹਾ ਹੈ ਕੋਈ ਨਵੀਂਆਂ
ਨੌਕਰੀਆਂ ਦੇ ਉਪਰਾਲੇ ਨਹੀਂ ਕੀਤੇ ਜਾ ਰਹੇ। ਨਸ਼ਿਆਂ ਨੂੰ ਠੱਲ ਪਵੇ, ਇਸ ਦਾ ਪੱਕਾ ਹੱਲ ਨਹੀਂ ਹੋ ਸਕਿਆ। ਗੈਂਗਸਟਰ ਵਾਦ ਦਾ ਬੋਲਬਾਲਾ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਜਿਸ ਨਾਲ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰਾਂ ਟੁੱਟ ਚੁੱਕੀ ਹੈ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਪਣੇ ਮੈਨੀਫੈਸਟੋ ਦਾ ਵਾਅਦੇ ਅਨੁਸਾਰ ਆਪ ਸਰਕਾਰ ਬੀਬੀਆਂ ਨੂੰ 1100 ਰੁਪਏ ਮਹੀਨਾ ਦੇਣ ਤੋਂ ਭੱਜ ਚੁੱਕੀ ਹੈ ਅਤੇ ਨਾ ਹੀ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤਾ ਗਿਆ। ਇਸ ਦੇ ਨਾਲ ਸ਼ਗਨ ਸਕੀਮ 1.25.000 ਰੁਪਏ ਦੀ ਗੱਲ ਲਗਭਗ ਕੋਰੀ ਨਾਂਹ ਦੇ ਬਰਾਬਰ ਹੈ।
ਕੇਂਦਰ ਅਤੇ ਸੂਬਾ ਸਰਕਾਰ ਦੀ ਆਪਸੀ ਮਿਲੀਭੁਗਤ ਕਾਰਨ ਬੰਦੀ ਸਿੰਘਾਂ ਦੇ ਅਹਿਮ ਮਸਲੇ ਤੇ ਕੋਈ ਫੈਸਲਾ ਨਹੀ ਕੀਤਾ ਜਾ ਰਿਹਾ। ਬੀਬੀਐਮਬੀ ਦਾ ਕੰਟਰੋਲ ਪੰਜਾਬ ਨੂੰ ਮਿਲੇ। ਹਿਮਾਚਲ ਦੇ ਤਰਜ ਉਪਰ ਸਰਹੱਦੀ ਸੂਬਾ ਹੋਣ ਦੇ ਕਰਕੇ ਪੰਜਾਬ ਨੂੰ ਸਪੈਸ਼ਲ ਆਰਥਿਕ ਪੈਕਜ ਮਿਲੇ । ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅੱਜ ਪੰਜਾਬ ਦੇ ਹਰ ਹਿੱਸੇ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਵਿੱਚ ਵਸੇ ਹਨ, ਇਸ ਕਰਕੇ ਪੰਜਾਬ ਤੋਂ ਕੈਨੇਡਾ ਅਤੇ ਅਮਰੀਕਾ ਲਈ ਤੁਰੰਤ ਫਲਾਈਟ ਸੁਰੂ ਕਰਨੀਆਂ ਚਾਹੀਦੀਆਂ ਹਨ। ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਤੁਰੰਤ ਪੰਜਾਬ ਦੇ ਸਾਰੇ ਏਅਰਪੋਰਟ ਨੂੰ ਡਰਾਈ ਪੋਰਟ ਐਲਾਨ ਕੀਤਾ ਜਾਵੇ ਅਤੇ ਗੁਆਂਢੀ ਮੁਲਕਾਂ ਨਾਲ ਵਪਾਰਕ ਸਬੰਧ ਸੁਖਾਲੇ ਕੀਤੇ ਜਾਣ। ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਆਰਡੀਐੱਫ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ, ਤਾਂ ਜੋ ਇਸ ਪੈਸੇ ਨਾਲ ਦਿਹਾਤੀ ਖੇਤਰਾਂ ਦੀ ਲਿੰਕ ਸੜਕਾਂ ਦੀ ਹਾਲਤ ਸੁਧਾਰੀ ਜਾ ਸਕੇ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ, ਅੱਜ ਖੇਤਰੀ ਪਾਰਟੀ ਨੂੰ ਕਮਜੋਰ ਕਰਨ ਲਈ ਦੋਹੇ ਸਿਆਸੀ ਧਿਰਾਂ ਨਕਲੀ ਅਕਾਲੀ ਦਲ ਨਾਲ ਮਿਲ ਕੇ ਸੂਬੇ ਦੀ ਸਿਆਸੀ ਧਿਰ ਨੂੰ ਸਾਜਿਸ਼ ਹੇਠ ਕਮਜੋਰ ਕਰਨ ਦਾ ਯਤਨ ਕਰ ਰਹੀਆਂ ਹਨ । ਇਸ ਸਿਆਸੀ ਸਮਝੋਤੇ ਹੇਠ ਬਰਗਾੜੀ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਮੁਲਜ਼ਮਾਂ ਨੂੰ ਬਚਾਉਣ ਲਈ ਜਾਂਚ ਪ੍ਰਭਾਵਿਤ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਲੋੜ ਹੈ ਇਹਨਾਂ ਦਿੱਲੀ ਦੇ ਹੁਕਮਰਾਨਾਂ ਦੇ ਇਸ਼ਾਰਿਆਂ ਤੇ ਚਲਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਚਲਦਾ ਕੀਤਾ ਜਾਵੇ। ਓਹਨਾ ਕਿਹਾ ਕਿ ਸ਼ਾਮ ਦੰਡ ਭੇਦ ਭਾਵ ਝੂਠ ਲੜਾਈ ਝਗੜਾ ਜਰੀਏ ਆਪਣੀ ਸਿਆਸਤ ਨੂੰ ਪੰਜਾਬੀਆਂ ਦੇ ਸਿਰ ਥੋਪਣ ਵਾਲੇ ਲੀਡਰ ਸ਼ਾਇਦ ਇਹ ਭੁੱਲ ਗਏ ਨੇ ਅਜਿਹੇ ਹੁਕਮਰਾਨ ਬਹੁਤ ਆਏ ਨੇ, ਪੰਜਾਬੀਆਂ ਨੇ ਕਦੇ ਆਪਣੀ ਅਣਖ ਨਾਲ ਸਮਝੌਤਾ ਨਹੀਂ ਕੀਤਾ।