ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਹੈ ਕਿ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਅਕਾਲ ਚਲਾਣੇ ਨਾਲ ਸਿੱਖ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਬਾਬਾ ਬਲਜਿੰਦਰ ਸਿੰਘ ਦਾ ਜੀਵਨ ਇਕ ਦਾਰਸ਼ਨਿਕ ਜੀਵਨ ਸੀ ਜਿਸ ਦੌਰਾਨ ਉਹਨਾਂ ਨੇ ਸੰਸਾਰ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਦਾ ਕੰਮ ਕੀਤਾ। ਉਹਨਾਂ ਕਿਹਾ ਕਿ ਸਭ ਤੋਂ ਵੱਡਮੁੱਲਾ ਕੰਮ ਉਹਨਾਂ ਨੇ ਈਸ਼ਰ ਮਾਈਕਰੋ ਮੀਡੀਆ ਰਾਹੀਂ ਕੀਤਾ ਜਿਸ ਰਾਹੀਂ ਉਹਨਾਂ ਮਹਾਨਕੋਸ਼ ਅਤੇ ਗੁਰਬਾਣੀ ਦੇ ਵੱਖ-ਵੱਖ ਗ੍ਰੰਥ ਜਿਹਨਾਂ ਵਿਚ ਦਸਮ ਗ੍ਰੰਥੀ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ, ਤਵਾਰੀਖ ਖਾਲਸਾ ਨੂੰ ਉਹਨਾਂ ਨੇ ਡਿਜੀਟਲ ਰੂਪ ਪ੍ਰਦਾਨ ਕੀਤਾ।
ਉਹਨਾਂ ਕਿਹਾ ਕਿ ਜਿੰਨੇ ਵੀ ਇਤਿਹਾਸਕਾਰ ਤੇ ਗੁਰਬਾਣੀ ਦੇ ਗਿਆਤਾ ਹਨ, ਬਾਬਾ ਬਲਜਿੰਦਰ ਸਿੰਘ ਜੀ ਨੇ ਉਹਨਾਂ ਨੂੰ ਈਸ਼ਰ ਮਾਈਕਰੋ ਮੀਡੀਆ ਨਾਲ ਜੋੜਿਆ। ਉਹਨਾਂ ਕਿਹਾ ਕਿ ਕੌਮ ਨੂੰ ਉਹਨਾਂ ਦੀ ਇਹ ਵੱਡੀ ਦੇਣ ਹੈ ਜਿਸ ਤੋਂ ਅੱਜ ਦੁਨੀਆਂ ਭਰ ਵਿਚ ਬੈਠੀਆਂ ਸੰਗਤਾਂ ਸੇਧ ਲੈ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਦੁਨੀਆਂ ਵਿਦਿਆ ਦੇ ਨਾਲ-ਨਾਲ ਗੁਰਬਾਣੀ ਵਿਦਿਆ ਦੇ ਬਹੁ ਵੱਡਾ ਮਾਹਿਰ ਸਨ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਉਹ ਕੀਰਤਨ ਦੇ ਦਰਬਾਰ ਸਜਾ ਰਹੇ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਧਰਮ ਪ੍ਰਚਾਰ ਕਮੇਟੀ ਦਿੱਲੀ ਗੁਰਦੁਆਰਾ ਕਮੇਟੀ ਨਾਲ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਹਿਲਕਦਮੀ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਹਿੰਦੀ, ਇੰਗਲਿਸ਼, ਗੁਰਮੁਖੀ, ਬੰਗਾਲੀ, ਗੁਜਰਾਤੀ, ਮਰਾਠੀ ਅਤੇ ਡੋਗਰੀ ਭਾਸ਼ਾ ਵਿਚ ਅਨੁਵਾਦ ਕਰਵਾਇਆ। ਉਹਨਾਂ ਕਿਹਾ ਕਿ ਇਹ ਕੰਮ ਇਕ ਦਿਨ ਪਹਿਲਾਂ ਹੀ ਸੰਪੂਰਨ ਹੋਇਆ ਸੀ ਜਿਸਦਾ ਮਕਸਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇਸ਼ ਤੇ ਦੁਨੀਆਂ ਵਿਚ ਘਰ ਘਰ ਪਹੁੰਚਾਈ ਜਾ ਸਕੇ। ਉਹਨਾਂ ਕਿਹਾ ਕਿ ਉਹਨਾਂ ਨਾਲ ਬਾਬਾ ਜੀ ਦਾ ਬਹੁਤ ਜ਼ਿਆਦਾ ਸਨੇਹ ਸੀ ਜਿਸ ਕਾਰਨ ਉਹਨਾਂ ਦੇ ਅਕਾਲ ਚਲਾਣੇ ਨਾਲ ਅੱਜ ਸਾਰਾ ਹੀ ਕਰਮਸਰ ਪਰਿਵਾਰ ਤੇ ਕੌਮ ਡੂੰਘੇ ਸਦਮੇ ਵਿਚ ਹੈ।