ਲੁਧਿਆਣਾ-ਲੁਧਿਆਣਾ ਦੇ ਪਿੰਡ ਦਾਦ ਦੀ ਕਲੋਨੀ ਪਾਲਮ ਵਿਹਾਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ 12 ਫਰਵਰੀ 2019 ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ੍ਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਕਲੋਨੀ ਦੇ ਹੀ ਵਾਸੀ ਗੁਰਿੰਦਰ ਪੁੱਤਰ ਸੋਹਣ ਸਿੰਘ ਦੀ ਅਪੀਲ ਲੁਧਿਆਣਾ ਦੇ ਐਡੀਸ਼ਨਲ ਸੈਸ਼ਨਜ਼ ਜੱਜ ਮੈਡਮ ਸਰੂ ਮਹਿਤਾ ਕੌਸ਼ਿਕ ਵੱਲੋਂ ਖ਼ਾਰਜ ਕਰ ਦਿੱਤੀ ਗਈ ਹੈ ਤੇ ਗੁਰਿੰਦਰ ਨੂੰ ਹਿਰਾਸਤ ਵਿੱਚ ਲੈ ਕੇ ਬਾਕੀ ਰਹਿੰਦੀ ਸਜ਼ਾ ਭੁਗਤਣ ਲਈ ਕੇਂਦਰੀ ਜੇਲ ਲੁਧਿਆਣਾ ਭੇਜ ਦਿੱਤਾ ਹੈ। ਇਸ ਸੰਬੰਧੀ ਲੁਧਿਆਣਾ ਦੇ ਥਾਣਾ ਸਦਰ ਵਿੱਚ ਮੁਕੱਦਮਾ ਨੰਬਰ 14/2019 ਅਧੀਨ ਧਾਰਾ 295-ਏ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਭਾਈ ਜਲ ਸਿੰਘ ਵੱਲੋਂ ਦਰਜ਼ ਕਰਵਾਇਆ ਗਿਆ ਸੀ।ਕੇਸ ਦੀ ਮੁੱਦਈ ਪੱਖ ਤੋਂ ਪੈਰਵਾਈ ਕਰਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਮੀਡੀਆ ਨੂੰ ਦੱਸਿਆ ਕਿ ਗੁਰਿੰਦਰ ਜੋ ਕਿ ਅੱਡਾ ਜੋਧਾਂ ਵਿਚ ਦੁਕਾਨ ਕਰਦਾ ਸੀ, ਨੂੰ ਬੇਅਦਬੀ ਤੋਂ ਬਾਦ ਸੀਸੀਟੀਵੀ ਕੈਮਰਿਆਂ ਰਾਹੀਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਰਾਜਵਿੰਦਰ ਕੌਰ ਜੁਡੀਸ਼ੀਅਲ ਮੈਜਿਸਟਰੇਟ ਅਵੱਲ ਦਰਜਾ ਲੁਧਿਆਣਾ ਨੇ 6 ਫ਼ਰਵਰੀ 2024ਨੂੰ ਧਾਰਾ295-ਏ ਵਿਚ ੬ ਮਹੀਨੇ ਕੈਦ ਤੇ 3੦੦੦/- ਜੁਰਮਾਨੇ ਦੀ ਸਜ਼ਾ ਸੁਣਾਈ ਸੀ ਜਿਸ ਦੀ ਮੌਕਾ ਪਰ ਜ਼ਮਾਨਤ ਮਿਲਣ ਤੋਂ ਬਾਦ ਗੁਰਿੰਦਰ ਨੇ ਸੈਸ਼ਨਜ਼ ਅਦਾਲਤ ਵਿਚ ਅਪੀਲ ਦਾਇਰ ਕੀਤੀ ਸੀ ਜਿਸ ਦੀ ਸੁਣਵਾਈ ਕਰਦਿਆ ਅਦਾਲਤ ਨੇ ਗੁਰਿੰਦਰ ਦੀ ਅਪੀਲ ਖਾਰਜ ਕਰਦਿਆਂ 6 ਮਹੀਨੇ ਦੀ ਸਜ਼ਾ ਬਰਕਰਾਰ ਰੱਖੀ ਹੈ।
ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਗੁਰਿੰਦਰ ਇਕ ਨਾਸਤਿਕ ਬੰਦਾ ਸੀ ਜਿਸ ਨੇ ਮੰਦ ਭਾਵਨਾ ਤਹਿਤ ਇਹ ਕੁਕਰਮ ਕੀਤਾ ਸੀ ਤੇ ਆਪਣੇ ਕੁਕਰਮ ਤੋਂ ਮੁਕਰਨ ਲਈ ਉਸਨੇ ਮਾਨਸਿਕ ਪਰੇਸ਼ਾਨ ਹੋਣ ਦਾ ਬਹਾਨਾ ਲਗਾਇਆ ਸੀ ਪਰ ਅਦਾਲਤ ਨੇ ਉਸ ਦੇ ਇਸ ਬਹਾਨੇ ਨੂੰ ਦਰਕਿਨਾਰ ਕਰਕੇ ਸਜ਼ਾ ਸੁਣਾਈ ।