ਪੰਜਾਬ

ਡਾ. ਬਲਬੀਰ ਸਿੰਘ ਵੱਲੋਂ ਨਸ਼ੇ ਦੀਆਂ ਆਦੀ ਔਰਤਾਂ ਲਈ ਕਪੂਰਥਲਾ ਅਤੇ ਅੰਮ੍ਰਿਤਸਰ ‘ਚ ‘ਵਨ ਸਟਾਪ ਇੰਟੀਗ੍ਰੇਟਿਡ ਪ੍ਰੋਗਰਾਮ' ਲਾਂਚ

ਕੌਮੀ ਮਾਰਗ ਬਿਊਰੋ | August 25, 2025 09:03 PM

ਚੰਡੀਗੜ੍ਹ- ਨਸ਼ਿਆਂ ਵਿਰੁੱਧ ਜਾਰੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦਰਮਿਆਨ ਨਸ਼ੇ ਦੀਆਂ ਆਦੀ ਔਰਤਾਂ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਦੇ ਹੱਲ ਲਈ ਇਤਿਹਾਸਕ ਕਦਮ ਚੁੱਕਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਹਿਲੇ ਪੜਾਅ ਤਹਿਤ ਕਪੂਰਥਲਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ‘ਚ 'ਨਸ਼ੀਲੇ ਪਦਾਰਥਾਂ ਦੇ ਸੇਵਨ ਵਾਲੀਆਂ ਔਰਤਾਂ ਵਾਸਤੇ ਵਨ ਸਟਾਪ ਇੰਟੀਗ੍ਰੇਟਿਡ ਪ੍ਰੋਗਰਾਮ' ਦੀ ਸ਼ੁਰੂਆਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਸਿਹਤ ਵਿਭਾਗ ਪੰਜਾਬ ਅਤੇ ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਵੱਲੋਂ ਆਪਸੀ ਸਹਿਯੋਗ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਇਸ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ, ਜਿਸਨੂੰ "ਪੰਜਾਬ ਮਾਡਲ ਫਾਰ ਵੂਮੈਨ ਡਰੱਗ ਯੂਜ਼ਰਸ" ਦਾ ਨਾਮ ਦਿੱਤਾ ਗਿਆ ਹੈ, ਦਾ ਉਦੇਸ਼ ਸੂਬੇ ਭਰ ਵਿੱਚ ਨਸ਼ੇ ਦੀਆਂ ਆਦੀ ਔਰਤਾਂ ਨੂੰ ਮਿਆਰੀ ਸਿਹਤ ਇਲਾਜ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਔਰਤਾਂ ਨੂੰ ਮਰਦਾਂ ਨਾਲੋਂ ਵੱਖਰੇ ਮੁੱਦਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਨਸ਼ਿਆਂ ਦੇ ਸੇਵਨ ਦੇ ਵੱਖ-ਵੱਖ ਪੈਟਰਨ, ਓਵਰਡੋਜ਼ ਕਰਕੇ ਮੌਤ ਦਰ ਦੀ ਉੱਚ ਦਰ ਅਤੇ ਇਲਾਜ ਤੋਂ ਬਾਅਦ ਦੁਬਾਰਾ ਨਸ਼ਿਆਂ ਦੇ ਸੇਵਨ ਦੀ ਸੰਭਾਵਨਾ ਸ਼ਾਮਲ ਹੈ।

ਕਪੂਰਥਲਾ ਵਿੱਚ ਸਫਲ ਪਾਇਲਟ ਪ੍ਰੋਜੈਕਟ ਬਾਰੇ ਬੋਲਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਨਸ਼ੇ ਦੀਆਂ ਆਦੀ 241 ਮਹਿਲਾਵਾਂ ਨੂੰ ਰਜਿਸਟਰ ਕਰਕੇ ਉਨ੍ਹਾਂ ਨੂੰ ਵੱਖ-ਵੱਖ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਏਕੀਕ੍ਰਿਤ ਪੈਕੇਜ ਵਿੱਚ ਮੈਡੀਕਲ, ਸਰਜੀਕਲ ਅਤੇ ਗਾਇਨੀਕੋਲੋਜੀਕਲ ਚੈੱਕ-ਅੱਪ, ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਅਤੇ ਨੁਕਸਾਨ ਤੋਂ ਬਚਾਅ ਸਬੰਧੀ ਸੇਵਾਵਾਂ ਸ਼ਾਮਲ ਸਨ। ਇਸ ਤੋਂ ਇਲਾਵਾ ਇਹ ਐਚਆਈਵੀ ਅਤੇ ਹੈਪੇਟਾਈਟਸ ਬੀ ਤੇ ਸੀ ਦੀ ਜਾਂਚ ਅਤੇ ਇਲਾਜ, ਟਿਊਬਰਕਲੋਸਿਸ ਕੇਅਰ, ਐਸਟੀਐਈ ਟ੍ਰੀਟਮੈਂਟ ਅਤੇ ਕਾਊਂਸਲਿੰਗ ਪ੍ਰਦਾਨ ਕਰਦਾ ਹੈ। ਇਸ ਪ੍ਰੋਗਰਾਮ ਤਹਿਤ 81 ਔਰਤਾਂ ਨੂੰ ਓਟ ਕਲੀਨਿਕਾਂ ਵਿੱਚ ਇਲਾਜ ਲਈ ਸਹਾਇਤਾ ਪ੍ਰਦਾਨ ਕਰਨ ਦੇ ਨਾਲ 80 ਔਰਤਾਂ ਨੂੰ ਸਮਾਜਿਕ ਸੁਰੱਖਿਆ ਸਕੀਮਾਂ ਨਾਲ ਜੋੜ ਕੇ ਸਮਾਜਿਕ ਸਹਾਇਤਾ ਪ੍ਰਦਾਨ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਤਹਿਤ ਰਜਿਸਟਰਡ ਚਾਰ ਗਰਭਵਤੀ ਔਰਤਾਂ ਵਿੱਚੋਂ, ਤਿੰਨ ਔਰਤਾਂ ਨੇ ਸਿਹਤਮੰਦ ਬੱਚਿਆਂ ਨੂੰ ਜਨਮ ਦਿੱਤਾ।

ਮੁੜ ਵਸੇਬੇ ਪ੍ਰਤੀ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਾ ਇੱਕ ਬਿਮਾਰੀ ਹੈ, ਅਪਰਾਧ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਪੀੜਤਾਂ ਨਾਲ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਜੋੜਨ ਲਈ ਲਈ ਹੁਨਰ ਸਿਖਲਾਈ ਨਾਲ ਲੈਸ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਨਸ਼ਿਆਂ ਤੋਂ ਪ੍ਰਭਾਵਿਤ ਔਰਤਾਂ ਦੀ ਸਹਾਇਤਾ ਅਤੇ ਉਨ੍ਹਾਂ ਦੇ ਮੁੜ ਵਸੇਬੇਂ ਵਿੱਚ ਮਦਦ ਲਈ ਪਰਿਵਾਰਕ ਮੈਂਬਰਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਵੀ ਚਾਨਣਾ ਪਾਇਆ।

ਇਸ ਪ੍ਰੋਗਰਾਮ ਨੂੰ ਲਾਗੂ ਕਰਨ ਬਾਰੇ ਗੱਲ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਪੂਰਥਲਾ ਮਾਡਲ ਦੀ ਸਫ਼ਲਤਾ ਰਾਜ ਲਈ ਇੱਕ ਮਿਸਾਲ ਵਜੋਂ ਕੰਮ ਕਰੇਗੀ। ਇਸ ਪ੍ਰੋਗਰਾਮ ਦੇ ਰਾਜਵਿਆਪੀ ਲਾਗੂਕਰਨ ਦੇ ਪਹਿਲੇ ਪੜਾਅ ਤਹਿਤ ਪ੍ਰੋਗਰਾਮ ਨੂੰ ਪਾਇਲਟ ਅਧਾਰ 'ਤੇ ਕਪੂਰਥਲਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਇਲਟ ਪੜਾਅ ਦੀ ਸਫ਼ਲਤਾ ਉਪਰੰਤ ਅਗਲੇ ਪੜਾਅ ਵਿੱਚ ਇਹ ਪ੍ਰੋਗਰਾਮ ਸਾਰੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ।

ਸਿਹਤ ਅਤੇ ਪੰਜਾਬ ਪੁਲਿਸ ਦਰਮਿਆਨ ਇਸ ਸਹਿਯੋਗੀ ਪਹਿਲਕਦਮੀ ਦਾ ਸਵਾਗਤ ਕਰਦਿਆਂ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਨਸ਼ਿਆਂ ਦਾ ਸੇਵਨ ਕਰਨ ਵਾਲੀਆਂ ਔਰਤਾਂ ਨੂੰ ਸਮਾਜਿਕ ਕਲੰਕ ਅਤੇ ਬੇਦਖ਼ਲੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਉਹ ਇਲਾਜ ਲਈ ਅੱਗੇ ਆਉਣ ਤੋਂ ਝਿਜਕਦੀਆਂ ਹਨ। ਇਸ ਤੋਂ ਇਲਾਵਾ ਔਰਤਾਂ ਲਈ ਇਲਾਜ ਸੇਵਾਵਾਂ ਲਗਭਗ ਨਾ-ਮਾਤਰ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲ ਰਾਜ ਵਿੱਚ ਨਸ਼ੇ ਦੀਆਂ ਆਦੀ ਔਰਤਾਂ ਲਈ ਸਿਹਤ ਸੇਵਾਵਾਂ ਦੀ ਘਾਟ ਦੇ ਪਾੜੇ ਨੂੰ ਪੂਰਨ ਕਰਨ ਲਈ ਇੱਕ ਯਤਨ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦਾ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅੰਮ੍ਰਿਤਸਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਕਮਿਊਨਿਟੀ ਪੁਲਿਸਿੰਗ ਪਹਿਲਕਦਮੀ ਵਜੋਂ ਪਾਇਲਟ ਪ੍ਰੋਜੈਕਟਾਂ ਨੂੰ ਫੰਡ ਮੁਹੱਈਆ ਕਰਵਾਏਗਾ।

ਉਨ੍ਹਾਂ ਅੱਗੇ ਕਿਹਾ ਕਿ ਇਹ ਨਾ ਸਿਰਫ਼ ਨਸ਼ਿਆਂ ਦੀ ਸਪਲਾਈ-ਮੰਗ ਦੇ ਚੱਕਰ ਨੂੰ ਤੋੜਨ ਸਗੋਂ ਸਮੂਹ ਨਾਗਰਿਕਾਂ ਲਈ ਇੱਕ ਸਿਹਤਮੰਦ ਭਵਿੱਖ ਯਕੀਨੀ ਬਣਾਉਣ ਪ੍ਰਤੀ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਿਪਟੀ ਡਾਇਰੈਕਟਰ ਡਾ. ਰੋਹਿਨੀ ਗੋਇਲ ਅਤੇ ਨੋਡਲ ਅਫਸਰ ਮਾਨਸਿਕ ਸਿਹਤ ਡਾ. ਸੰਦੀਪ ਭੋਲਾ ਵੀ ਮੌਜੂਦ ਸਨ।

 

Have something to say? Post your comment

 
 
 

ਪੰਜਾਬ

ਮਾਨ ਸਰਕਾਰ ਵੱਲੋਂ ਜਾਨਾਂ ਬਚਾਉਣ ਅਤੇ ਜਾਇਦਾਦਾਂ ਦੀ ਰੱਖਿਆ ਲਈ ਪੂਰੀ ਕੈਬਨਿਟ ਤਾਇਨਾਤ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਰਮਚਾਰੀ ਯੂਨੀਅਨਾਂ ਨਾਲ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੀਤੀਆਂ ਮੀਟਿੰਗਾਂ

ਪੰਜਾਬ ਸਰਕਾਰ ਨੇ ਜਲਵਾਯੂ ਅਨੁਕੂਲ ਅਤੇ ਟਿਕਾਊ ਬਾਗਬਾਨੀ ਬਾਰੇ ਤਕਨਾਲੋਜੀ ਐਕਸਚੇਂਜ ਵਰਕਸ਼ਾਪ ਦੀ ਕੀਤੀ ਮੇਜ਼ਬਾਨੀ

ਸ੍ਰੀ ਕਰਤਾਰਪੁਰ ਸਾਹਿਬ ਹੜ੍ਹ ਦਾ ਪਾਣੀ ਵੜਣਾ ਗਹਿਰੀ ਚਿੰਤਾ ਦਾ ਵਿਸ਼ਾ- ਜਥੇਦਾਰ ਗੜਗੱਜ

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਜਮਸ਼ੇਦਪੁਰ ਟਾਟਾ ਨਗਰ ਤੋਂ ਰਾਂਚੀ ਲਈ ਰਵਾਨਾ

ਹੜ੍ਹ ਪ੍ਰਭਾਵਿਤ ਲੋਕ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਨਾਲ ਕਰਨ ਸੰਪਰਕ- ਐਡਵੋਕੇਟ ਧਾਮੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਗੁਰਿੰਦਰ ਦੀ ਅਦਾਲਤ ਵੱਲੋ ਅਪੀਲ ਖ਼ਾਰਜ

ਮੁੱਖ ਮੰਤਰੀ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਤੂਫਾਨੀ ਦੌਰਾ

ਸੰਤ ਸਮਾਗਮ 'ਚ ਪੰਥ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ, ਸੰਤ ਮਹਾਪੁਰਸ਼ਾਂ ,ਨਿਹੰਗ ਸਿੰਘਾਂ ਨੇ ਭਰੀਆਂ ਹਾਜ਼ਰੀਆਂ

ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਬੱਚੇ ਦਾ ਸਿਰ ਮਿਲਣ ਦੇ ਮਾਮਲੇ ‘ਚ ਸਿਹਤ ਮੰਤਰੀ ਵੱਲੋਂ ਜਾਂਚ ਦੇ ਹੁਕਮ