ਨਵੀਂ ਦਿੱਲੀ - ਪੰਥਕ ਸੇਵਾਵਾਂ ਸਦਕਾ ਗੁਰਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੂੰ ਡਬਲਊਐਸਸੀਸੀ ਵਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਡਬਲਊਐਸਸੀਸੀ ਦੇ ਚੇਅਰਮੈਨ ਡਾਕਟਰ ਪਰਮੀਤ ਸਿੰਘ ਚੱਢਾ ਅਤੇ ਸ਼ਾਹਨੂਰ ਪ੍ਰੋਡਕਸ਼ਨ ਵਲੋਂ ਹਰਜੋਤ ਸ਼ਾਹ ਸਿੰਘ ਨੇ ਪਰਮਜੀਤ ਸਿੰਘ ਵੀਰਜੀ ਨੂੰ ਇਕ ਉਂਕਾਰ ਦਾ ਮੋਮੈਂਟੋ ਭੇਂਟ ਕੀਤਾ । ਇਸ ਮੌਕੇ ਵੀਰ ਜੀ ਨੇ ਵਿਦੇਸ਼ਾਂ ਵਿੱਚ ਸਿੱਖਾਂ ਉਪਰ ਹੋ ਰਹੇ ਹਮਲਿਆਂ ਤੇ ਚਿੰਤਾ ਪ੍ਰਕਟ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਪ੍ਰਤੀ ਗੰਭੀਰਤਾ ਦਿਖਾਵੇ। ਉਨ੍ਹਾਂ ਨੇ ਖਾਸ ਤੌਰ ਤੇ ਵਿਦੇਸ਼ਾਂ ਅੰਦਰ ਰਹਿ ਰਹੇ ਸਿੱਖ ਭਾਈਚਾਰੇ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ। ਯੂਕੇ ਦੇ ਵੁਲਵਰਹੈਂਪਟਨ ਵਿੱਚ ਦੋ ਸਿੱਖ ਬਜ਼ੁਰਗਾਂ 'ਤੇ ਹੋਏ ਨਸਲੀ ਹਮਲੇ ਸਮੇਤ ਕਈ ਹੋਰ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਨਸਲੀ ਹਮਲੇ ਨਿੰਦਣਯੋਗ ਹਨ ਅਤੇ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਆਪਣੀ ਮਿਹਨਤ, ਯੋਗਤਾ ਅਤੇ ਇਮਾਨਦਾਰੀ ਨਾਲ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾਈ ਹੈ, ਪਰ ਇਹ ਮੰਦਭਾਗਾ ਹੈ ਕਿ ਸਿੱਖਾਂ ਨੂੰ ਅਜੇ ਵੀ ਕੁਝ ਥਾਵਾਂ 'ਤੇ ਨਸਲੀ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿਤਕਰੇ ਨੂੰ ਪੂਰੀ ਤਰ੍ਹਾਂ ਰੋਕਣ ਦੀ ਲੋੜ ਹੈ ਅਤੇ ਭਾਰਤ ਸਰਕਾਰ ਦੇ ਨਾਲ ਬਰਤਾਨੀਆਂ ਸਰਕਾਰ ਨੂੰ ਵੀਂ ਇਸ ਮਾਮਲੇ ਵਿੱਚ ਠੋਸ ਕਦਮ ਚੁੱਕਣ ਦੀ ਸਖ਼ਤ ਲੋੜ ਹੈ।