ਨਵੀਂ ਦਿੱਲੀ- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਸ਼੍ਰੀ ਕੇਸ਼ਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਤਖ਼ਤ ਪਟਨਾ ਸਾਹਿਬ ਵਿੱਚ ਸਨਮਾਨ ਕੀਤਾ ਗਿਆ। ਤਖ਼ਤ ਪਟਨਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਅਤੇ ਗ੍ਰੰਥੀ ਗਿਆਨੀ ਗੁਰਦਿਆਲ ਸਿੰਘ ਵੱਲੋਂ ਉਨ੍ਹਾਂ ਨੂੰ ਸਿਰੋਪਾ ਭੇਟ ਕਰਕੇ ਸਨਮਾਨਤ ਕੀਤਾ ਗਿਆ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਸੀਨੀਅਰ ਉਪ ਪ੍ਰਧਾਨ ਲਖਵਿੰਦਰ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਮੀਡੀਆ ਪ੍ਰਭਾਰੀ ਸੁਦੀਪ ਸਿੰਘ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਕਿਰਪਾਨ ਅਤੇ ਯਾਦਗਾਰੀ ਚਿਨ੍ਹ ਭੇਟ ਕਰਕੇ ਸਨਮਾਨਤ ਕੀਤਾ ਗਿਆ। ਸ. ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਜਥੇਦਾਰ ਦੇ ਪਦ 'ਤੇ ਰਹਿੰਦਿਆਂ ਜੋ ਕੌਮ ਨੂੰ ਇਕਜੁੱਟ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ, ਉਹ ਦੀ ਲੋੜ ਸੀ ਅਤੇ ਇਸ ਦੀ ਜਿਤਨੀ ਵੀ ਸਿਫਤ ਕੀਤੀ ਜਾਵੇ ਘੱਟ ਹੈ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਜਿਸ ਤਰ੍ਹਾਂ ਸਿੱਖੀ ਤੋਂ ਦੂਰ ਹੋ ਰਹੇ ਨੌਜਵਾਨ ਪੀੜ੍ਹੀ ਨੂੰ ਵਾਪਸ ਸਿੱਖੀ ਨਾਲ ਜੋੜਨ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਦਾ ਨੌਜਵਾਨੀ ਉੱਤੇ ਚੰਗਾ ਪ੍ਰਭਾਵ ਪੈ ਰਿਹਾ ਹੈ ਅਤੇ ਕਈ ਨੌਜਵਾਨ ਦੁਬਾਰਾ ਸਿੱਖੀ ਵਲ ਮੁੜ ਰਹੇ ਹਨ। ਉਨ੍ਹਾਂ ਦੱਸਿਆ ਕਿ ਜਥੇਦਾਰ ਕੁਲਦੀਪ ਸਿੰਘ ਗੜਗਜ ਆਪਣੇ ਪਰਿਵਾਰ ਸਮੇਤ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਹਨ।