ਸ੍ਰੀ ਅਨੰਦਪੁਰ ਸਾਹਿਬ- ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ, ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਹਨੂੰਮਾਨਗੜ੍ਹ ਟਾਊਨ, ਰਾਜਸਥਾਨ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵਲੋਂ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ। ਮਿਤੀ 7 ਸਤੰਬਰ ਨੂੰ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ਦੌਰਾਨ ਭਾਈ ਸੁਖਪ੍ਰੀਤ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਗੁਰਬਾਣੀ ਦਾ ਮਨੋਹਰ ਤੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਆਖਿਆ ਕਿ ਖ਼ਾਲਸਾ ਪੰਥ ਆਪਣੇ ਚੜ੍ਹਦੀਕਲਾ, ਕੁਰਬਾਨੀਆਂ ਭਰੇ ਸ਼ਾਨਾਮੱਤੇ ਇਤਿਹਾਸ ਕਰਕੇ ਦੁਨੀਆ ਭਰ ਵਿਚ ਵਿਲੱਖਣ ਸਥਾਨ ਰੱਖਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਦਾ ਸਿੱਖ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਨਾਲ ਨਾਮ ਲਿਖਿਆ ਹੋਇਆ ਹੈ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਨੂੰ ਸੋਧਾ ਲਾ ਕੇ ਪੰਥ ਦੀ ਆਨ, ਬਾਨ ਅਤੇ ਸ਼ਾਨ ਨੂੰ ਕਾਇਮ ਰੱਖਿਆ ਸੀ। ਉਨ੍ਹਾਂ ਕਿਹਾ ਕਿ ਆਪਣੇ ਸ਼ਹੀਦਾਂ-ਮੁਰੀਦਾਂ ਦੀ ਯਾਦ ਵਿਚ ਜੋੜ ਮੇਲੇ ਮਨਾਉਣੇ ਸਾਨੂੰ ਆਪਣੇ ਇਤਿਹਾਸ ਅਤੇ ਪਰੰਪਰਾ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਇਕੋ ਇਕ ਪੰਥ ਦੀ ਸਿਰਮੌਰ ਜਥੇਬੰਦੀ ਹੈ ਜਿਸ ਨੇ ਆਧੁਨਿਕਤਾ ਦੇ ਜ਼ਮਾਨੇ ਵਿਚ ਵੀ ਖਾਲਸਾ ਪੰਥ ਦੇ ਇਤਿਹਾਸ ਤੇ ਪੁਰਾਤਨਤਾ ਨੂੰ ਜ਼ਿੰਦਾ ਰੱਖਿਆ ਹੈ। ਉਨ੍ਹਾਂ ਸਿੱਖ ਸੰਗਤ ਨੂੰ ਆਪਣੇ ਇਤਿਹਾਸ ਤੇ ਪਰੰਪਰਾ ਨਾਲ ਜੁੜ ਕੇ ਪੰਜ ਕਕਾਰੀ ਰਹਿਤ ਦੇ ਧਾਰਨੀ ਅੰਮ੍ਰਿਤਧਾਰੀ ਸਿੰਘ ਸਜਣ ਦੀ ਅਪੀਲ ਵੀ ਕੀਤੀ। ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਨੇ ਸੰਗਤ ਨਾਲ ਗੁਰਬਾਣੀ ਕੀਰਤਨ ਅਤੇ ਇਤਿਹਾਸ ਦੀ ਸਾਂਝ ਪਾਈ। ਬੁੱਢਾ ਦਲ ਦੇ ਕਥਾਵਾਚਕ ਭਾਈ ਸੁਖਜੀਤ ਸਿੰਘ ਜੀ ਘਨੱਈਆ ਨੇ ਬੁੱਢਾ ਦਲ ਦੇ ਮਹਾਨ ਇਤਿਹਾਸ ਅਤੇ ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਦੇ ਜੀਵਨ ਅਤੇ ਪੰਥਕ ਕਾਰਨਾਮਿਆਂ ਬਾਰੇ ਚਾਨਣਾ ਪਾਇਆ। ਢਾਡੀ ਭਾਈ ਲਖਵਿੰਦਰ ਸਿੰਘ ਪਾਰਸ ਦੇ ਜਥੇ ਨੇ ਵੀ ਸਿੱਖ ਇਤਿਹਾਸ ਦੀਆਂ ਬੀਰ ਰਸੀ ਵਾਰਾਂ ਗਾ ਕੇ ਸੰਗਤ ਵਿਚ ਜੋਸ਼ ਭਰਿਆ। ਇਸ ਮੌਕੇ ਹੋਏ ਅੰਮ੍ਰਿਤ ਸੰਚਾਰ ਦੌਰਾਨ 125 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣੇ। ਇਸ ਮੌਕੇ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਸੀਰ ਸਿੰਘ ਮਾਂਗੇਆਣਾ, ਬਾਬਾ ਸ਼ਿੰਦਾ ਸਿੰਘ, ਬਾਬਾ ਹਰਜੀਤ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਬੂਟਾ ਸਿੰਘ, ਬਾਬਾ ਜੱਗਾ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਗੁਰਸ਼ੇਰ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਸ਼ੇਰ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ ਅਤੇ ਹੋਰ ਅਨੇਕਾਂ ਪ੍ਰਮੁਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਪੁਜੀਆਂ ਮਾਨਯੋਗ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ।