ਚੰਡੀਗੜ੍ਹ-ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਹੋਰ ਵਿਗੜੀ ਹੈ ਜਿਸ ਨਾਲ ਹੋਰ 33 ਪਿੰਡ ਅਤੇ ਹੋਰ 133 ਲੋਕ ਪ੍ਰਭਾਵਿਤ ਹੋਏ ਹਨ ਅਤੇ 6988 ਹੈਕਟੇਅਰ ਫ਼ਸਲਾਂ ਦਾ ਖ਼ਰਾਬਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਪਿੰਡਾਂ ਦੀ ਕੁੱਲ ਗਿਣਤੀ 2097 ਹੋ ਗਈ ਹੈ ਅਤੇ ਪ੍ਰਭਾਵਿਤ ਆਬਾਦੀ 3, 88, 092 ਤੱਕ ਪਹੁੰਚ ਗਈ ਹੈ।
ਮਾਲ ਮੰਤਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ ਇੱਕ ਹੋਰ ਵਿਅਕਤੀ ਦੀ ਜਾਨ ਗਈ ਹੈ, ਜਿਸ ਨਾਲ 15 ਜ਼ਿਲ੍ਹਿਆਂ ਵਿੱਚ ਮੌਤਾਂ ਦੀ ਕੁੱਲ ਗਿਣਤੀ 52 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ ਵਿੱਚ ਤਿੰਨ ਵਿਅਕਤੀ ਹਾਲੇ ਵੀ ਲਾਪਤਾ ਹਨ।
ਰਾਹਤ ਅਤੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਹੋਰ 191 ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕੱਢਿਆ ਗਿਆ ਜਿਸ ਨਾਲ ਬਚਾਏ ਗਏ ਵਿਅਕਤੀਆਂ ਦੀ ਕੁੱਲ ਗਿਣਤੀ 23, 206 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਭ ਤੋਂ ਵੱਧ (5581) ਲੋਕਾਂ ਨੂੰ ਗੁਰਦਾਸਪੁਰ ਵਿੱਚ ਸੁਰੱਖਿਅਤ ਕੱਢਿਆ ਗਿਆ ਹੈ ਜਦਕਿ ਫਾਜ਼ਿਲਕਾ ਵਿੱਚ (4254), ਫਿਰੋਜ਼ਪੁਰ (4012), ਅੰਮ੍ਰਿਤਸਰ (3260), ਹੁਸ਼ਿਆਰਪੁਰ (1616), ਕਪੂਰਥਲਾ (1428), ਪਠਾਨਕੋਟ (1139), ਬਰਨਾਲਾ (738), ਜਲੰਧਰ (511), ਮਾਨਸਾ (178), ਮੋਗਾ (155), ਰੂਪਨਗਰ (313) ਅਤੇ ਜ਼ਿਲ੍ਹਾ ਤਰਨ ਤਾਰਨ ਵਿੱਚ 21 ਵਿਅਕਤੀਆਂ ਨੂੰ ਹੁਣ ਤੱਕ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਮੌਜੂਦਾ ਸਮੇਂ 119 ਰਾਹਤ ਕੈਂਪ ਜਾਰੀ ਹਨ, ਜਿਨ੍ਹਾਂ ਵਿੱਚ 5521 ਲੋਕ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਫਾਜ਼ਿਲਕਾ ਵਿੱਚ 14 ਕੈਂਪਾਂ ‘ਚ 2946 ਲੋਕ, ਬਰਨਾਲਾ ਵਿੱਚ 43 ਕੈਂਪਾਂ ‘ਚ 638 ਲੋਕ, ਹੁਸ਼ਿਆਰਪੁਰ ਵਿੱਚ 4 ਕੈਂਪਾਂ ‘ਚ 921 ਲੋਕ, ਮੋਗਾ ਵਿੱਚ 3 ਕੈਂਪਾਂ ‘ਚ 155 ਵਿਅਕਤੀ, ਮਾਨਸਾ ਵਿੱਚ 1 ਕੈਂਪ ‘ਚ 15 ਪ੍ਰਭਾਵਿਤ ਵਿਅਕਤੀ, ਅੰਮ੍ਰਿਤਸਰ ਵਿੱਚ 16 ਕੈਂਪਾਂ ‘ਚ 51 ਵਿਅਕਤੀ, ਫਿਰੋਜ਼ਪੁਰ ਵਿੱਚ 5 ਕੈਂਪਾਂ ‘ਚ 202 ਵਿਅਕਤੀ, ਗੁਰਦਾਸਪੁਰ ਵਿੱਚ 13 ਕੈਂਪਾਂ ‘ਚ 10 ਵਿਅਕਤੀ, ਜਲੰਧਰ ਵਿੱਚ 18 ਕੈਂਪਾਂ ‘ਚ 453 ਵਿਅਕਤੀ, ਲੁਧਿਆਣਾ ਵਿੱਚ ਇੱਕ ਕੈਂਪ ‘ਚ 47 ਵਿਅਕਤੀ ਅਤੇ ਸੰਗਰੂਰ ਵਿੱਚ 1 ਕੈਂਪ ‘ਚ 83 ਪ੍ਰਭਾਵਿਤ ਵਿਅਕਤੀ ਰਹਿ ਰਹੇ ਹਨ।
ਫ਼ਸਲਾਂ ਦੇ ਖ਼ਰਾਬੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ. ਮੁੰਡੀਆਂ ਨੇ ਦੱਸਿਆ ਕਿ 18 ਜ਼ਿਲ੍ਹਿਆਂ ਵਿੱਚ ਹੁਣ ਤੱਕ ਕੁੱਲ 1, 91, 926.45 ਹੈਕਟੇਅਰ ਫ਼ਸਲੀ ਰਕਬਾ ਪ੍ਰਭਾਵਿਤ ਹੋਇਆ ਹੈ ਜਦਕਿ ਇਹ ਅੰਕੜਾ ਬੀਤੇ ਕੱਲ੍ਹ ਲਗਭਗ 1.84 ਲੱਖ ਹੈਕਟੇਅਰ ਸੀ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿੱਚ ਸਭ ਤੋਂ ਵੱਧ 40, 169 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ (27, 154 ਹੈਕਟੇਅਰ), ਫਾਜ਼ਿਲਕਾ (19, 037 ਹੈਕਟੇਅਰ), ਕਪੂਰਥਲਾ (17, 574 ਹੈਕਟੇਅਰ), ਪਟਿਆਲਾ (17, 404 ਹੈਕਟੇਅਰ), ਫਿਰੋਜ਼ਪੁਰ (17, 257 ਹੈਕਟੇਅਰ), ਤਰਨ ਤਾਰਨ (12, 828 ਹੈਕਟੇਅਰ), ਮਾਨਸਾ (12, 207 ਹੈਕਟੇਅਰ), ਹੁਸ਼ਿਆਰਪੁਰ (8322 ਹੈਕਟੇਅਰ), ਸੰਗਰੂਰ (6560 ਹੈਕਟੇਅਰ), ਜਲੰਧਰ (4800 ਹੈਕਟੇਅਰ), ਪਠਾਨਕੋਟ (2442 ਹੈਕਟੇਅਰ), ਮੋਗਾ (2240 ਹੈਕਟੇਅਰ), ਐਸ.ਏ.ਐਸ.ਨਗਰ (2000 ਹੈਕਟੇਅਰ), ਰੂਪਨਗਰ (1080 ਹੈਕਟੇਅਰ), ਬਠਿੰਡਾ (586.79 ਹੈਕਟੇਅਰ), ਐਸ.ਬੀ.ਐਸ. ਨਗਰ (188.3 ਹੈਕਟੇਅਰ) ਅਤੇ ਲੁਧਿਆਣਾ ਵਿੱਚ (76 ਹੈਕਟੇਅਰ) ਫ਼ਸਲ ਦਾ ਨੁਕਸਾਨ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ 9 ਸਤੰਬਰ ਤੱਕ 22 ਜ਼ਿਲ੍ਹਿਆਂ ਦੇ ਕੁੱਲ 2097 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ। ਪ੍ਰਭਾਵਿਤ ਪਿੰਡਾਂ ਦੇ ਮਾਮਲੇ ਵਿੱਚ ਸਭ ਤੋਂ ਵੱਧ ਪਿੰਡ ਗੁਰਦਾਸਪੁਰ ਜ਼ਿਲ੍ਹੇ ਵਿੱਚ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੀ ਗਿਣਤੀ 329 ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 196 ਪਿੰਡ, ਹੁਸ਼ਿਆਰਪੁਰ ਵਿੱਚ 208 ਪਿੰਡ, ਕਪੂਰਥਲਾ ਵਿੱਚ 145 ਪਿੰਡ, ਜਲੰਧਰ ਵਿੱਚ 93 ਪਿੰਡ, ਲੁਧਿਆਣਾ ਅਤੇ ਫਾਜ਼ਿਲਕਾ ਵਿੱਚ 86-86 ਪਿੰਡ ਅਤੇ ਫਿਰੋਜ਼ਪੁਰ ਵਿੱਚ 108 ਪਿੰਡ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਸੰਗਰੂਰ ਦੇ 107 ਪਿੰਡ, ਪਟਿਆਲਾ ਵਿੱਚ 133 ਪਿੰਡ, ਪਠਾਨਕੋਟ ਵਿੱਚ 88 ਪਿੰਡ ਅਤੇ ਮਾਨਸਾ ਵਿੱਚ 95 ਪਿੰਡ ਪ੍ਰਭਾਵਿਤ ਹੋਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਰਨਾਲਾ ਵਿੱਚ (121), ਤਰਨ ਤਾਰਨ (70), ਰੂਪਨਗਰ (66), ਮੋਗਾ (52), ਫਰੀਦਕੋਟ (15), ਬਠਿੰਡਾ (21), ਐਸ.ਏ.ਐਸ. ਨਗਰ (15), ਐਸ.ਬੀ.ਐਸ. ਨਗਰ (28), ਮਾਲੇਰਕੋਟਲਾ (12) ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ (23) ਪ੍ਰਭਾਵਿਤ ਹੋਏ ਹਨ।
ਮਾਲ ਮੰਤਰੀ ਨੇ ਦੱਸਿਆ ਕਿ ਸੂਬੇ ਭਰ ਵਿੱਚ ਪ੍ਰਭਾਵਿਤ ਆਬਾਦੀ 3, 88, 092 ਤੱਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਗੁਰਦਾਸਪੁਰ ਵਿੱਚ 1, 45, 000 ਵਿਅਕਤੀ ਪ੍ਰਭਾਵਿਤ ਹੋਏ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 1, 36, 105, ਫਿਰੋਜ਼ਪੁਰ ਵਿੱਚ 38, 614, ਫਾਜ਼ਿਲਕਾ ਵਿੱਚ 25, 037, ਐਸ.ਏ.ਐਸ. ਨਗਰ ਵਿੱਚ 14, 000, ਪਠਾਨਕੋਟ ਵਿੱਚ 15, 503, ਕਪੂਰਥਲਾ ਵਿੱਚ 5728, ਹੁਸ਼ਿਆਰਪੁਰ ਵਿੱਚ 2785, ਜਲੰਧਰ ਵਿੱਚ 1970, ਬਰਨਾਲਾ ਵਿੱਚ 1451 ਵਿਅਕਤੀ, ਮੋਗਾ ਵਿੱਚ 800, ਰੂਪਨਗਰ ਵਿੱਚ 778, ਮਾਨਸਾ ਵਿੱਚ 178, ਸੰਗਰੂਰ ਵਿੱਚ 83 ਅਤੇ ਜ਼ਿਲ੍ਹਾ ਤਰਨ ਤਾਰਨ ਵਿੱਚ 60 ਵਿਅਕਤੀ ਪ੍ਰਭਾਵਿਤ ਹੋਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਐਨ.ਡੀ.ਆਰ.ਐਫ. ਦੀਆਂ 18 ਟੀਮਾਂ, ਐਸ.ਡੀ.ਆਰ.ਐਫ. ਦੀਆਂ 2 ਟੀਮਾਂ, ਫੌਜ ਦੇ 21 ਕਾਲਮ, 2 ਸੈਕਸ਼ਨ ਅਤੇ 1 ਇੰਜੀਨੀਅਰ ਟਾਸਕ ਫੋਰਸ ਤਾਇਨਾਤ ਹੈ। ਭਾਰਤੀ ਹਵਾਈ ਸੈਨਾ ਅਤੇ ਫੌਜ ਦੇ ਲਗਭਗ 30 ਹੈਲੀਕਾਪਟਰ ਬਚਾਅ ਕਾਰਜਾਂ ਵਿੱਚ ਸਹਾਇਤਾ ਕਰ ਰਹੇ ਹਨ। ਬੀ.ਐਸ.ਐਫ. ਯੂਨਿਟਾਂ ਫਿਰੋਜ਼ਪੁਰ ਖੇਤਰ ਵਿੱਚ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਮੌਜੂਦਾ ਰਾਹਤ ਕਾਰਜਾਂ ਵਿੱਚ 178 ਕਿਸ਼ਤੀਆਂ ਸ਼ਾਮਲ ਹਨ।