ਅੰਮ੍ਰਿਤਸਰ- ਖਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਜਣੇਪੇ ਤੋਂ ਪਹਿਲਾਂ ਦੀਆਂ ਮਾਵਾਂ ਦੁਆਰਾ ਬੱਚੇ ਨੂੰ ਛਾਤੀ ਦਾ ਦੁੱਧ ਚੁੰਘਾਉਣ ਦੀ ਮਹੱਤਤਾ ਅਤੇ ਅਭਿਆਸਾਂ ਸਬੰਧੀ ਵਿਚਾਰ ਸਾਂਝੇ ਕਰਨ ਲਈ ਜਾਗਰੂਕਤਾ ਮੁਹਿੰਮ ਤਹਿਤ ਕੈਂਪ ਲਗਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਿਹਤਮੰਦ ਅਤੇ ਭਵਿੱਖ ਨੂੰ ਉਜਵੱਲ ਬਣਾਉਣ ਸਬੰਧੀ ‘ਛਾਤੀ ਦਾ ਦੁੱਧ ਚੁੰਘਾਉਣ’ ਵਿਸ਼ੇ ’ਤੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ, ਛੇਹਰਟਾ ਵਿਖੇ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਡਾ. ਸੰਦੀਪ ਕੌਰ (ਪ੍ਰੋਫੈਸਰ) ਅਤੇ ਸ੍ਰੀਮਤੀ ਹਰਲੀਨ ਕੌਰ (ਸਹਾਇਕ ਪ੍ਰੋਫੈਸਰ) ਦੀ ਟੀਮ ਨਾਲ ਆਸ਼ਾ ਵਰਕਰ ਅਤੇ ਉਕਤ ਸੈਂਟਰ ਦਾ ਮੈਡੀਕਲ ਸਟਾਫ ਸ਼ਾਮਿਲ ਸੀ।
ਇਸ ਦੌਰਾਨ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੇ ਏ. ਐੱਨ. ਸੀ. ਵਿਖੇ ਸਮੂਹ ਕਾਊਂਸਲਿੰਗ ਸੈਸ਼ਨ ਦਾ ਆਯੋਜਨ ਕਰਦਿਆਂ ਭਵਿੱਖ ਦੀਆਂ ਮਾਵਾਂ ਨੂੰ ਛਾਤੀ ਦਾ ਦੁੱਧ ਚੁੰਘਾਉਣ ਦੀ ਯੋਗਤਾ ਅਤੇ ਬਾਰੰਬਾਰਤਾ, ਦੁੱਧ ਚੁੰਘਾਉਣ ਦੇ ਸੰਕੇਤ, ਬੱਚੇ ਦੀ ਸਥਿਤੀ ਅਤੇ ਲੈਚਿੰਗ ਪੋਜੀਸ਼ਨ ਆਦਿ ਸ਼ੁਰੂਆਤੀ ਭੂਮਿਕਾ ਸਬੰਧੀ ਜਾਗਰੂਕ ਕੀਤਾ।
ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ਨਾਲ ਸਬੰਧਿਤ ਸਿਹਤ ਕੇਂਦਰ ਦੇ ਓਪੀਡੀ ਖੇਤਰ ’ਚ ਐੱਮ. ਐੱਸਸੀ (ਐਨ) ਦੁਆਰਾ ਪੋਸਟਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ’ਚ ਪਹਿਲੇ ਅਤੇ ਦੂਜੇ ਸਾਲ, ਪੋਸਟ ਬੇਸਿਕ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਜਣੇਪੇ ਤੋਂ ਪਹਿਲਾਂ ਦੀਆਂ ਮਾਵਾਂ ਨੂੰ ਛਾਤੀ ਦਾ ਦੁੱਧ ਪਿਲਾਉਣ ਦੀਆਂ ਸਥਿਤੀਆਂ ਅਤੇ ਲੈਚਿੰਗ ਤਕਨੀਕਾਂ ਸਬੰਧੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਿੰ: ਡਾ. ਅਮਨਪ੍ਰੀਤ ਕੌਰ ਅਤੇ ਪੀ. ਐੱਚ. ਸੀ. ਦੇ ਮੈਡੀਕਲ ਅਫ਼ਸਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਅਜਿਹੇ ਉਪਰਾਲੇ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਮੈਡੀਕਲ ਅਫਸਰ ਡਾ. ਮਨਦੀਪ ਸਿੰਘ, ਪੀ. ਐੱਚ. ਸੀ. ਦਾ ਹੋਰ ਸਟਾਫ ਤੇ ਮੈਂਬਰ ਮੌਜੂਦ ਸਨ।