ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਗੁਰੂ ਨਾਨਕ ਫੂਡ ਬੈਂਕ ਤੇ ਸਾਂਝਾ ਟੀਵੀ ਨੇ ਰੇਡੀਓਥਾਨ ਵਿਚ ਸਹਿਯੋਗ ਕੀਤਾ
ਸਰੀ - ਪੰਜਾਬ ਦੇ ਹੜਪੀੜਤਾਂ ਦੀ ਮਦਦ ਲਈ ਪਰਵਾਸੀ ਪੰਜਾਬੀਆਂ ਵਲੋਂ ਖੁੱਲਕੇ ਦਾਨ ਕੀਤਾ ਜਾ ਰਿਹਾ ਹੈ। ਹੜਪੀੜਤਾਂ ਦੀ ਸਹਾਇਤਾ ਲਈ ਪਰਵਾਸੀ ਪੰਜਾਬੀਆਂ ਦੇ ਅੱਗੇ ਆਉਣ, ਦਾਨ ਰਾਸ਼ੀ ਇਕੱਤਰ ਕਰਨ ਅਤੇ ਲੋਕਾਂ ਨਾਲ ਪਹੁੰਚ ਬਣਾਉਣ ਲਈ ਸਥਾਨਕ ਪੰਜਾਬੀ ਰੇਡੀਓ ਸਟੇਸ਼ਨਾਂ ਵਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਪਿਛਲੇ ਦਿਨੀਂ ਰੈਡ ਐਫ ਐਮ ਰੇਡੀਓ ਵਲੋਂ ਰੇਡੀਓਥਾਨ ਰਾਹੀਂ ਵੱਡੀ ਰਾਸ਼ੀ ਇਕੱਤਰ ਕਰਨ ਉਪਰੰਤ ਹੁਣ ਸਰੀ ਦੇ ਇਕ ਹੋਰ ਹਰਮਨਪਿਆਰੇ ਕੁਨੈਕਟ ਐਫ ਐਮ ਰੇਡੀਓ ਵਲੋਂ ਵੀ ਰੇਡੀਓਥਾਨ ਰਾਹੀਂ 7 ਲੱਖ 50 ਹਜਾਰ ਡਾਲਰ ਇਕੱਤਰ ਕੀਤੇ ਗਏ ਹਨ। ਇਹ ਰੇਡੀਓਥਾਨ ਕੁਨੈਕਟ ਐਫ ਐਮ ਦੇ ਸਰੀ, ਕੈਲਗਰੀ ਤੇ ਐਡਮਿੰਟਨ ਸਟੇਸ਼ਨਾਂ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਗੁਰੂ ਨਾਨਕ ਫੂਡ ਬੈਂਕ ਅਤੇ ਸਾਂਝਾ ਟੀ.ਵੀ. ਸਰੀ ਨਾਲ ਮਿਲਕੇ ਕੀਤਾ ਗਿਆ।
ਇਸ ਦੌਰਾਨ ਸਰੀ-ਵੈਨਕੂਵਰ, ਕੈਲਗਰੀ ਅਤੇ ਐਡਮਿੰਟਨ ਵਿਚ ਵਸਦੇ ਪੰਜਾਬੀਆਂ ਅਤੇ ਰੇਡੀਓ ਦੇ ਸਰੋਤਿਆਂ ਨੇ ਖੁੱਲਕੇ ਦਾਨ ਕੀਤਾ। ਪ੍ਰਬੰਧਕਾਂ ਮੁਤਾਬਿਕ ਸੋਮਵਾਰ ਨੂੰ ਕੀਤੇ ਗਏ ਇਸ ਰੇਡੀਓਥਾਨ ਤੋਂ ਇਕੱਤਰ ਹੋਈ ਰਾਸ਼ੀ ਨੂੰ ਪੰਜਾਬ ‘ਚ ਖਡੂਰ ਸਾਹਿਬ ਵਿਖੇ ਵਾਤਾਵਰਣ ਦੀ ਸੰਭਾਲ ਲਈ ਵੱਡਾ ਯੋਗਦਾਨ ਪਾਉਣ ਵਾਲੇ ਸੰਤ ਬਾਬਾ ਸੇਵਾ ਸਿੰਘ ਨੂੰ ਸੌਂਪਿਆ ਜਾਵੇਗਾ, ਜੋ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਤੇ ਸਹਾਇਤਾ ਲਈ ਇਸ ਰਾਸ਼ੀ ਦੀ ਵਰਤੋਂ ਕਰਨਗੇ।
ਰੇਡੀਓਥਾਨ ਦੌਰਾਨ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ, ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ, ਮੇਅਰ ਬਰੈਂਡਾ ਲੌਕ, ਮੇਅਰ ਦੇ ਸਲਾਹਕਾਰ ਹੈਰੀ ਕੂਨਰ, ਸਾਬਕਾ ਮੇਅਰ ਡੱਗ ਮੈਕਲਮ, ਕੌਸਲਰ ਮਨਦੀਪ ਨਾਗਰਾ, ਐਮ ਐਲ ਏ ਮਨਦੀਪ ਧਾਲੀਵਾਲ, ਐਮ ਐਲ ਏ ਬਰਾਇਨ ਟੈਪਰ, ਉਘੇ ਸਿੱਖ ਵਿਦਵਾਨ ਤੇ ਕਥਾਕਾਰ ਗਿਆਨੀ ਪਿੰਦਰਪਾਲ ਸਿੰਘ ਅਤੇ ਹੋਰ ਕਈ ਪ੍ਰਮੁੱਖ ਹਸਤੀਆਂ ਨੇ ਵਿਸ਼ੇਸ਼ ਰੂਪ ਵਿਚ ਸ਼ਮੂਲੀਅਤ ਕੀਤੀ ਤੇ ਲੋਕਾਂ ਨੂੰ ਦਾਨ ਦੇਣ ਦੀ ਅਪੀਲ ਕੀਤੀ। ਗੁਰੂ ਨਾਨਕ ਫੂਡ ਬੈਂਕ ਦੇ ਚੇਅਰਮੈਨ ਗਿਆਨੀ ਨਰਿੰਦਰ ਸਿੰਘ, ਡਾਇਰੈਕਟਰ ਜਤਿੰਦਰ ਸਿੰਘ ਜੇ ਮਿਨਹਾਸ ਨੇ ਲੋਕਾਂ ਵਲੋਂ ਪੰਜਾਬ ਦੇ ਹੜਪੀੜਤਾਂ ਦੀ ਸਹਾਇਤਾ ਲਈ ਕੀਤੇ ਗਏ ਦਾਨ ਲਈ ਧੰਨਵਾਦ ਕੀਤਾ।ਕੁਨੈਕਟ ਐਫ.ਐਮ. ਦੀ ਮੈਨੇਜਮੈਂਟ ਅਤੇ ਟੀਮ ਨੇ ਰੇਡੀਓਥੌਨ ‘ਚ ਸਹਿਯੋਗ ਲਈ ਸੰਗਤਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।