ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਦਿੱਲੀ ਦੇ ਰਿਮੋਟ ਨਾਲ ਚਲਣ ਵਾਲੀਆਂ ਸਿਆਸੀ ਪਾਰਟੀਆਂ ਕਦੇ ਵੀ ਪੰਜਾਬ ਦਾ ਭਲਾ ਨਹੀ ਕਰ ਸਕਦੀਆਂ। ਅੱਜ ਇਥੇ ਚੌਣਵੇ ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਪੰਜਾਬ ਲਈ ਇਕ ਮਜਬੂਤ ਖੇਤਰੀ ਪਾਰਟੀ ਦੀ ਲੋੜ ਹੈ ਤੇ ਅਸੀ ਪੰਜਾਬ ਦੀ ਉਸ ਮਜਬੂਤ ਖੇਤਰੀ ਪਾਰਟੀ ਦੀ ਕਮੀ ਨੂੰ ਪੂਰਾ ਕਰ ਰਹੇ ਹਾਂ। ਉਨਾਂ ਕਿਹਾ ਕਿ ਕਾਂਗਰਸ ਨੇ ਸਿੱਖਾਂ ਨੂੰ ਜੋ ਜ਼ਖ਼ਮ ਦਿੱਤੇ ਭਾਰਤੀ ਜਨਤਾ ਪਾਰਟੀ ਵੀ ਉਨਾਂ ਜ਼ਖ਼ਮਾਂ ਤੇ ਮਲ੍ਹਮ ਲਗਾਉਣ ਵਿਚ ਅਸਫਲ ਰਹੀ ਹੈ।ਸਿੱਖ ਸੰਸਥਾਵਾਂ ਦਾ ਭਾਜਪਾਈਕਰਨ ਹੋ ਰਿਹਾ ਹੈ, ਸਿੱਖ ਸੰਸਥਾਵਾਂ ਦਾ ਪ੍ਰਬੰਧ ਨਿਰੋਲ ਗੁਰਮਤਿ ਅਨੁਸਾਰੀ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ।ਦਿੱਲੀ ਤੋ ਦਿਸ਼ਾ ਨਿਰਦੇਸ਼ ਲੈ ਕੇ ਪੰਜਾਬ ਦੇ ਭਲੇ ਦਾ ਦਿਖਾਵਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਕਾਰਨ ਹੀ ਅੱਜ ਪੰਜਾਬ ਘਸਿਆਰਾ ਬਣ ਗਿਆ ਹੈ। ਪੰਜਾਬ ਨੂੰ ਜਿਸ ਤਰ੍ਹਾਂ ਨਾਲ ਹੜ੍ਹਾਂ ਦੀ ਮਾਰ ਝਲਣੀ ਪਈ, ਕੇਂਦਰ ਤੇ ਸੂਬਾ ਸਰਕਾਰ ਨੇ ਹੜ੍ਹਾਂ ਦੌਰਾਨ ਜੋ ਬੇਰੁਖੀ ਦਿਖਾਈ ਉਸ ਨੇ ਪੰਜਾਬੀਆਂ ਨੂੰ ਆਪਣੇ ਤੇ ਪਰਾਏ ਦੀ ਪਹਿਚਾਣ ਕਰਵਾਈ ਹੈ। ਅਸੀ ਸਤ੍ਹਾ ਵਿਚ ਆਏ ਤਾਂ ਪੰਜਾਬ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਵਿਚ ਕੋਈ ਕਸਰ ਬਾਕੀ ਨਹੀ ਰਹਿਣ ਦਿਆਂਗੇ। ਜਥੇਦਾਰ ਨੇ ਅਗੇ ਕਿਹਾ ਕਿ ਅੱਜ ਹਲਾਤ ਇਹ ਬਣ ਗਏ ਹਨ ਕਿ ਪੰਜਾਬ ਦਾ ਨੌਜਵਾਨ ਦਿਸ਼ਾਹੀਣ ਹੋਇਆ ਹੈ ਤੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਤਰੱਕੀ ਲਭ ਰਿਹਾ ਹੈ।ਇਕ ਸਵਾਲ ਦੇ ਜਵਾਬ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਤ੍ਹਾ ਵਿਚ ਆਏ ਤਾਂ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਗਲਭਿਆ ਤੋ ਮੁਕਤ ਕਰਾਂਗੇ ਤਾਂ ਕਿ ਸਿੱਖ ਪਾਰਲੀਮੈਂਟ ਅਜਾਦ ਹੋ ਕੇ ਸਿੱਖ ਧਰਮ ਦੀ ਚੜ੍ਹਦੀ ਕਲਾ ਦੇ ਫੈਸਲੇ ਲੈ ਸਕੇ।ਆਪਣੇ ਬਾਰੇ ਸ਼ਪਸ਼ਟ ਕਰਦਿਆਂ ਜਥੇਦਾਰ ਨੇ ਕਿਹਾ ਕਿ ਉਹ ਨਾ ਤਾਂ ਪੰਜਾਬ ਦੇ ਮੁਖ ਮੰਤਰੀ ਬਣਨਗੇ, ਨਾ ਮੈਂਬਰ ਪਾਰਲੀਮੈਂਟ ਤੇ ਨਾ ਹੀ ਵਿਧਾਇਕ ਬਣਨਗੇ। ਉਨਾ ਦਾ ਮਕਸਦ ਪੰਜਾਬ ਨੂੰ ਇਕ ਸਾਫ ਸੁਥਰੀ ਤੇ ਨਵੀ ਸੇਧ ਦੇਣ ਵਾਲੀ ਲੀਡਰਸ਼ਿਪ ਦੇਣਾ ਹੈ ਤਾਂ ਕਿ ਭਵਿਖ ਵਿਚ ਪੰਜਾਬ ਤਰੱਕੀ ਦੀਆਂ ਨਵੀ ਮੰਜਿਲਾ ਸਰ ਕਰ ਸਕੇ। ਪਾਰਟੀ ਦੇ ਏਜੰਡੇ ਬਾਰੇ ਗਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਉਨਾਂ ਬੁਧੀਜੀਵੀਆਂ ਤੇ ਵਿਦਵਾਨਾਂ ਦਾ ਇਕ ਪੈਨਲ ਗਠਿਤ ਕਰਕੇ ਉਨਾਂ ਨੂੰ ਪਾਰਟੀ ਦੇ ਏਜੰਡੇ, ਸਵਿਧਾਨ ਅਤੇ ਨੀਤੀਗਤ ਪ੍ਰੋਗਰਾਮ ਤਿਆਰ ਕਰਨ ਲਈ ਕਹਿ ਦਿੱਤਾ ਹੈ।