ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਅੱਜ ਬ੍ਰਿਟੇਨ ਵਿੱਚ ਇਕ ਸਿੱਖ ਮਹਿਲਾ ਨਾਲ ਹੋਏ ਭਿਆਨਕ ਅਤੇ ਨਸਲੀ ਘ੍ਰਿਣਾ ਨਾਲ ਪ੍ਰੇਰਿਤ ਬਲਾਤਕਾਰ ਦੇ ਘਿਨੌਣੇ ਕਾਂਡ ‘ਤੇ ਗਹਿਰੀ ਪੀੜਾ ਅਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਸਖ਼ਤ ਸ਼ਬਦਾਂ ਵਿੱਚ ਜਾਰੀ ਇਕ ਬਿਆਨ ਵਿੱਚ ਸ. ਕਾਲਕਾ ਨੇ ਕਿਹਾ, “ਇਹ ਬਰਬਰਤਾ ਭਰਿਆ ਹਿੰਸਕ ਕ੍ਰਿਤ ਨਾ ਕੇਵਲ ਇਕ ਮਾਸੂਮ ਔਰਤ ਵਿਰੁੱਧ ਅਪਰਾਧ ਹੈ, ਬਲਕਿ ਇਹ ਇਨਸਾਨੀਅਤ ਅਤੇ ਸਮਾਨਤਾ, ਨਿਆਂ ਤੇ ਆਦਰਸ਼ਾਂ ਉੱਤੇ ਵੀ ਇਕ ਗੰਭੀਰ ਹਮਲਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਘ੍ਰਿਣਾ-ਪ੍ਰੇਰਿਤ ਜੁਰਮ ਕਿਸੇ ਵੀ ਸਭਿਆਚਾਰਕ ਸਮਾਜ ਵਿੱਚ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ।
ਇਸ ਘਟਨਾ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਅਤੇ ਗਹਿਰੀ ਪੀੜਾ ਪੈਦਾ ਕਰਨ ਵਾਲੀ” ਦੱਸਦੇ ਹੋਏ ਸ. ਕਾਲਕਾ ਨੇ ਬ੍ਰਿਟੇਨ ਦੀ ਸਰਕਾਰ ਅਤੇ ਕਾਨੂੰਨ-ਵਿਵਸਥਾ ਏਜੰਸੀਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਅਪੀਲ ਕੀਤੀ। ਉਨ੍ਹਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਸਿੱਖ ਭਾਈਚਾਰੇ ਸਮੇਤ ਹੋਰ ਨਿਸ਼ਾਨਾ ਬਣ ਰਹੀਆਂ ਕੌਮਾਂ ਦੀ ਸੁਰੱਖਿਆ ਲਈ ਪੱਕੇ ਤੇ ਢੁੱਕਵੇਂ ਉਪਰਾਲੇ ਕੀਤੇ ਜਾਣ।
ਸ. ਕਾਲਕਾ ਨੇ ਜ਼ੋਰ ਦੇ ਕੇ ਕਿਹਾ, “ਸਿੱਖ ਭਾਈਚਾਰਾ ਹਮੇਸ਼ਾਂ ਸ਼ਾਂਤੀ, ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਲਈ ਖੜ੍ਹਾ ਰਿਹਾ ਹੈ। ਦੁਨੀਆ ਭਰ ਦੀਆਂ ਸਰਕਾਰਾਂ ਦਾ ਫਰਜ਼ ਹੈ ਕਿ ਉਹ ਸਿਖਾਂ ਦੀ ਸੁਰੱਖਿਆ ਅਤੇ ਇੱਜ਼ਤ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਬ੍ਰਿਟੇਨ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਹ ਘਿਨੌਣਾ ਅਪਰਾਧ ਬਿਨਾਂ ਸਜ਼ਾ ਦੇ ਨਾ ਰਹਿ ਜਾਵੇ ਅਤੇ ਸਿੱਖ ਭਾਈਚਾਰਾ ਨਿਡਰ ਜੀਵਨ ਜੀ ਸਕੇ। ਅੰਤ ਵਿੱਚ ਸ. ਕਾਲਕਾ ਨੇ ਪੀੜਤ ਮਹਿਲਾ ਅਤੇ ਉਸ ਦੇ ਪਰਿਵਾਰ ਨਾਲ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰੀ ਇਕਜੁਟਤਾ ਪ੍ਰਗਟਾਉਂਦੇ ਹੋਏ ਭਰੋਸਾ ਦਵਾਇਆ ਕਿ ਸਿੱਖ ਭਾਈਚਾਰਾ ਇਸ ਦੁਖਦਾਈ ਸਮੇਂ ਵਿੱਚ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹਾ ਹੈ।