ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ ਸਾਹਿਬ ਨਾਲ ਮਿਲਾਪ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਪ੍ਰਗਟ ਸਿੰਘ ਨੇ ਕੀਤੀ। ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸਰਵਣ ਕਰਵਾਇਆ।
ਗਿਆਨੀ ਬਲਜੀਤ ਸਿੰਘ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭੱਟ ਸਾਹਿਬਾਨ ਵੱਲੋਂ ਉਚਾਰੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕਰਕੇ ਉਨ੍ਹਾਂ ਨੂੰ ਵੱਡਾ ਮਾਣ ਦਿੱਤਾ। ਉਨ੍ਹਾਂ ਕਿਹਾ ਕਿ ਭੱਟ ਸਾਹਿਬਾਨ ਦੁਆਰਾ ਉਚਾਰਨ ਕੀਤੇ ਸਵੱਈਏ ਮਨੁੱਖ ਨੂੰ ਆਪਣੇ ਗੁਰੂ ਪ੍ਰਤੀ ਪ੍ਰੇਮ ਅਤੇ ਸਮਰਪਣ ਭਾਵ ਦ੍ਰਿੜ੍ਹ ਕਰਵਾਉਂਦੇ ਹਨ। ਉਨ੍ਹਾਂ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਕਰਦਿਆਂ ਬੱਚਿਆਂ ਨੂੰ ਗੁਰਸਿੱਖੀ ਜੀਵਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਇਸੇ ਦੌਰਾਨ ਸਜੇ ਧਾਰਮਿਕ ਦੀਵਾਨ ’ਚ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਵੀ ਸ਼ਿਰਤਕ ਕੀਤੀ।
ਸਮਾਗਮ ਮੌਕੇ ਪ੍ਰਚਾਰਕ ਭਾਈ ਸਤਵੰਤ ਸਿੰਘ, ਭਾਈ ਸੁਖਪਾਲ ਸਿੰਘ, ਸ. ਖ਼ਜ਼ਾਨ ਸਿੰਘ, ਢਾਡੀ ਭਾਈ ਗੁਰਭੇਜ ਸਿੰਘ ਚਵਿੰਡਾ, ਭਾਈ ਰੁਪਿੰਦਰ ਸਿੰਘ ਦੇ ਜਥਿਆਂ ਵੱਲੋਂ ਸੰਗਤ ਨੂੰ ਗੁਰ-ਇਤਿਹਾਸ ਨਾਲ ਜੋੜਿਆ ਗਿਆ। ਇਸੇ ਦੌਰਾਨ ਯੂਕੇ ਭਾਟ ਕਾਊਂਸਲ ਦੇ ਪ੍ਰਧਾਨ ਸ. ਅਮਰੀਕ ਸਿੰਘ ਰਠੌਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੇ ਸਮਾਗਮ ਲਈ ਧੰਨਵਾਦ ਕੀਤਾ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸ. ਨਰਿੰਦਰ ਸਿੰਘ, ਸ. ਰਾਜਿੰਦਰ ਸਿੰਘ ਰੂਬੀ, ਸ. ਜਸਪਾਲ ਸਿੰਘ ਢੱਡੇ, ਭੱਟ ਭਾਈਚਾਰੇ ਵੱਲੋਂ ਸ. ਅਮਰੀਕ ਸਿੰਘ ਰਠੌਰ ਯੂਕੇ, ਸ. ਭਾਨ ਸਿੰਘ ਯੂਕੇ, ਸ. ਪ੍ਰੀਤਮ ਸਿੰਘ, ਸ. ਜਸਵੰਤ ਸਿੰਘ ਅਜ਼ਾਦ, ਸ. ਕਰਮ ਸਿੰਘ, ਸ. ਅਮਰੀਕ ਸਿੰਘ ਭਾਟ, ਸ. ਬਲਵਿੰਦਰ ਸਿੰਘ, ਸ. ਗੁਰਮੀਤ ਸਿੰਘ, ਸ. ਪਰਮਜੀਤ ਸਿੰਘ, ਸ. ਹਰਜਿੰਦਰ ਸਿੰਘ ਫੱਕਰ, ਸ. ਸੋਨੂੰ ਸਿੰਘ ਫਗਵਾੜਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।