ਨਵੀਂ ਦਿੱਲੀ- ਦਿੱਲੀ ਕਮੇਟੀ ਅਧੀਨ ਚਲਦੇ ਸਕੂਲਾਂ ਵਿਚ ਪੜਾਈ ਜਾ ਰਹੀ ਇਕ ਕਿਤਾਬ "ਅਦਵੈ" ਵਿਚ ਦਸਮ ਪਾਤਸ਼ਾਹ ਨੂੰ "ਮਹਾਂਕਾਲ ਦੀ ਪੂਜਾ ਕੀਤੀ" ਲਿਖਿਆ ਗਿਆ ਹੈ, ਜਿਸ ਉਪਰ ਵੱਡੇ ਪੱਧਰ ਤੇ ਵਿਰੋਧ ਹੋਣ ਤੋਂ ਬਾਅਦ ਮਾਮਲਾ ਭਖ ਗਿਆ ਹੈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਦਸਮ ਗ੍ਰੰਥ ਵਿਚ ਦਰਜ ਬਾਣੀ ਵਿਚ ’ਬਚਿੱਤਰ ਨਾਟਕ’ ਵਿਚ ਆਏ ਸ਼ਬਦ ’ਮਹਾਂਕਾਲ’ ਦੇ ਅਰਥਾਂ ਬਾਰੇ ਕੌਮ ਦਾ ਮਾਰਗ ਦਰਸ਼ਨ ਕੀਤਾ ਜਾਵੇ।
ਸਿੰਘ ਸਾਹਿਬ ਨੂੰ ਲਿਖੇ ਪੱਤਰ ਵਿਚ ਉਹਨਾਂ ਕਿਹਾ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਦਰਜ ਬਾਣੀ ’ਬਚਿੱਤਰ ਨਾਟਕ’ ਵਿਚ ਮਹਾਂਕਾਲ ਦਾ ਵਰਣਨ ਹੈ। ਉਹਨਾਂ ਕਿਹਾ ਕਿ ਇਸ ਸ਼ਬਦ ਵਿਚ ਮਹਾਂਕਾਲ ਬਾਰੇ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਵੱਲੋਂ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ। ਸ੍ਰੀ ਦਸਮ ਗ੍ਰੰਥ ਦੀ ਬਾਣੀ ’ਤੇ ਕਿੰਤੂ ਪ੍ਰੰਤੂ ਕਰਨ ਦੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖ਼ਤ ਮਨਾਹੀ ਹੈ। ਮਹਾਨਕੋਸ਼ ਦੇ ਮੁਤਾਬਕ ਮਹਾਂਕਾਲ ਦਾ ਅਰਥ ਪਰਮਾਤਮਾ ਹੈ। ਉਹਨਾਂ ਕਿਹਾ ਕਿ ਅਜਿਹੇ ਵਿਚ ਬੇਨਤੀ ਹੈ ਕਿ ਬਚਿੱਤਰ ਨਾਟਕ ਵਿਚ ਦਰਜ ਮਹਾਂਕਾਲ ਬਾਰੇ ਜਲਦ ਮਾਰਗ ਦਰਸ਼ਨ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ ਕਿਉਂਕਿ ਸੰਗਤਾਂ ਇਸ ਬਾਰੇ ਸਵਾਲ ਪੁੱਛ ਰਹੀਆਂ ਹਨ।