ਸਰੀ- ‘ਗੁਰੂ ਨਾਨਕ ਇੰਸਟੀਟਿਊਟ ਆਫ ਗਲੋਬਲ ਸਟੱਡੀਜ਼’ ਵੱਲੋਂ ਆਪਣੀ ਚੌਥੀ ਸਾਲਾਨਾ ‘ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ-2025’ ਸਰੀ ਸਿਟੀ ਹਾਲ ਵਿਖੇ ਕਰਵਾਈ ਗਈ। ਇਸ ਦੋ ਦਿਨਾਂ ਕਾਨਫਰੰਸ ਵਿੱਚ ਕੈਨੇਡਾ ਅਤੇ ਅਮਰੀਕਾ ਤੋਂ ਪਹੁੰਚੇ ਵੱਖ ਵੱਖ ਯੂਨੀਵਰਸਿਟੀਆਂ ਦੇ ਨਾਮਵਰ ਵਿਦਵਾਨਾਂ ਅਤੇ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੇ ਆਪਣੇ ਖੋਜ ਭਰਪੂਰ ਪਰਚੇ ਅਤੇ ਵਿਚਾਰ ਪੇਸ਼ ਕੀਤੇ।
ਕਾਨਫਰੰਸ ਦੀ ਸ਼ੁਰੂਆਤ ਕੇਵਿਨ ਕੈਲੀ ਵੱਲੋਂ ਆਦਿਵਾਸੀ ਲੋਕਾਂ ਦੀ ਬੰਦਨਾਂ ਅਤੇ ਐਸ.ਐਫ.ਯੂ. ਦੇ ਵਿਦਿਆਰਥੀ ਗੁਰਮਤ ਸਿੰਘ ਧਾਲੀਵਾਲ ਵੱਲੋਂ ਕੀਤੀ ਅਰਦਾਸ ਨਾਲ ਹੋਈ। ਸਟੇਜ ਸੰਚਾਲਨ ਕਰ ਰਹੇ ਅਮਨ ਸਿੰਘ ਹੁੰਦਲ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਇਸ ਕਾਨਫਰੰਸ ਲਈ ਭੇਜੀਆਂ ਸ਼ੁੱਭ ਕਾਮਨਾਵਾਂ ਪੜ੍ਹੀਆਂ। ਸਰੀ ਸਿਟੀ ਦੀ ਮੇਅਰ ਬਰੈਂਡਾ ਲੌਕ ਨੇ ਸੰਸਥਾ ਦੇ ਵੱਡਮੁੱਲੇ ਵਿਦਿਅਕ ਕਾਰਜ ਲਈ ਗਿਆਨ ਸਿੰਘ ਸੰਧੂ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ। ਬੀ.ਸੀ. ਦੀ ਉੱਚ ਸਿੱਖਿਆ ਮੰਤਰੀ ਜੈਸੀ ਸੁੰਨੜ ਨੇ ਆਪਣੇ ਵੱਲੋਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਇਬੀ ਵੱਲੋਂ ਭੇਜਿਆ ਵਧਾਈ ਸੰਦੇਸ਼ ਪੜ੍ਹ ਕੇ ਸੁਣਾਇਆ।
ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ (ਜੀ ਐਨ ਆਈ) ਦੇ ਅਕੈਡਮਿਕ ਕੋ-ਚੇਅਰ ਡਾ. ਸਤਪਾਲ ਸਿੰਘ ਨੇ ਕਾਨਫਰੰਸ ਵਿਚ ਸ਼ਾਮਲ ਸਭਨਾਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਵਿਚ ਭੂਤਕਾਲ ਦਾ ਸਨਮਾਨ ਕਰਨ ਅਤੇ ਭਵਿੱਖ ਨੂੰ ਤਾਕਤਵਰ ਬਣਾਉਣ ਸੰਬਧੀ ਨਾਮਵਰ ਵਿਦਵਾਨ, ਵਿਦਿਅਕ ਮਾਹਰ, ਸਕਾਲਰ ਅਤੇ ਬੁਲਾਰੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਉਦੇਸ਼ ਅਤੀਤ ਦੀ ਵਿਦਵਤਾ ਦਾ ਸਨਮਾਨ ਕਰਨਾ ਅਤੇ ਨਾਲ ਹੀ ਅਗਲੀ ਪੀੜ੍ਹੀ ਨੂੰ ਦੇਲਰੀ ਨਾਲ ਕਲਪਨਾ ਕਰਨ, ਨੈਤਿਕਤਾ ਨਾਲ ਅਗਵਾਈ ਕਰਨ ਅਤੇ ਦੁਨੀਆਂ ਭਰ ਵਿਚ ਤਰੱਕੀ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ।
ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ (ਜੀ ਐਨ ਆਈ) ਦੇ ਪ੍ਰਧਾਨ ਅਤੇ ਸੀ.ਈ.ਓ. ਗਿਆਨ ਸਿੰਘ ਸੰਧੂ ਨੇ ਕਿਹਾ ਕਿ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ (GNI) ਕੈਨੇਡਾ ਵਿੱਚ ਸਥਾਪਿਤ ਇੱਕ ਗ਼ੈਰ-ਮੁਨਾਫ਼ਾ ਸਿੱਖਿਆ ਅਤੇ ਖੋਜ ਸੰਸਥਾ ਹੈ। 230 ਅਕਾਦਮਿਕ ਅਤੇ ਪੇਸ਼ੇਵਰਾਂ ਦੀ ਇੱਕ ਸਮਰਪਿਤ ਅੰਤਰਰਾਸ਼ਟਰੀ ਟੀਮ ਦੇ ਨਾਲ ਜੀ.ਐਨ.ਆਈ. ਦਾ ਉਦੇਸ਼ ਅਕਾਦਮਿਕ ਦ੍ਰਿਸ਼ਟੀਕੋਣ ਤੋਂ ਸਿੱਖ ਲੋਕਾਚਾਰ ਦੀ ਸਮਝ ਦੀ ਖੋਜ ਅਤੇ ਵਿਸਥਾਰ ਕਰਨਾ, ਖੋਜ, ਸਿੱਖਿਆ ਅਤੇ ਸੇਵਾ ਰਾਹੀਂ ਸਿੱਖੀ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਸਹਿ-ਹੋਂਦ ਲਈ ਯਤਨ ਕਰਨਾ ਹੈ।
ਉਨ੍ਹਾਂ ਕਿਹਾ ਕਿ ਸਾਡਾ ਦ੍ਰਿਸ਼ਟੀਕੋਣ ਇੱਕ ਅਜਿਹੀ ਯੂਨੀਵਰਸਿਟੀ ਬਣਾਉਣਾ ਹੈ ਜੋ ਦੁਨੀਆ ਦੇ ਪ੍ਰਮੁੱਖ ਵਿਦਿਅਕ ਅਦਾਰਿਆਂ ਦੇ ਮੁਕਾਬਲੇ ਦੀ ਹੋਵੇ। ਅਸੀਂ ਮਨੁੱਖਤਾ, ਸਮਾਨਤਾ, ਨਿਆਂ, ਹਮਦਰਦੀ, ਖੁੱਲ੍ਹੀ ਗੱਲਬਾਤ, ਅਧਿਆਤਮਿਕ ਕ੍ਰਾਂਤੀ, ਜੀਵਨ ਭਰ ਦੀ ਸਿੱਖਿਆ ਅਤੇ ਮੁਕਤੀਦਾਇਕ ਸਿੱਖਿਆ ਦੇ ਮੁੱਲਾਂ ਪ੍ਰਤੀ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇ ਫਲਸਫ਼ੇ ਅਤੇ ਸਿੱਖੀ ਦੀ ਸਹਿ-ਹੋਂਦ ਨੂੰ ਪ੍ਰਫੁੱਲਤ ਕਰਨ ਵਾਲੀ ਇਹ ਵਿਸ਼ਵ ਦੀ ਪ੍ਰਮੁੱਖ ਯੂਨੀਵਰਸਿਟੀ ਹੋਵੇਗੀ।
ਮੋਂਟਕਲੇਅਰ ਸਟੇਟ ਯੂਨੀਵਰਸਿਟੀ ਦੀ ਡਾ. ਮੁਨਿੰਦਰ ਕੌਰ ਆਹਲੂਵਾਲੀਆ ਨੇ ਆਪਣੀ ਸੰਘਰਸ਼ੀਲ ਜੀਵਨ ਕਥਾ ਬਿਆਨ ਕਰਦਿਆਂ ਕਿਹਾ ਕਿ ਮੇਰਾ ਟੀਚਾ ਸਾਰਿਆਂ ਨੂੰ ਇਸ ਗੱਲ ਲਈ ਪ੍ਰੋਰਿਤ ਕਰਨਾ ਹੈ ਕਿ ਸਾਡੇ ਮੁੱਖ ਮੁੱਲ ਕੀ ਹਨ, ਸਾਡੇ ਮੁੱਖ ਲੋਕ ਕੌਣ ਹਨ ਅਤੇ ਅਸੀਂ ਜੀਵਨ ਨੂੰ ਕਿਵੇਂ ਦੇਖਦੇ ਹਾਂ। ਉਨ੍ਹਾਂ ਸਮਰੱਥਾ, ਇਕਜੁੱਟਤਾ, ਰਣਨੀਤੀ ਅਤੇ ਸਥਿਰਤਾ ਨਾਲ ਸਮਾਜਿਕ ਬਦਲਾਓ ਦੀ ਗੱਲ ਕੀਤੀ। ਯੂਨੀਵਰਸਿਟੀ ਆਫ ਕੈਲਗਰੀ ਦੇ ਡਾ. ਹਰਜੀਤ ਸਿੰਘ ਗਰੇਵਾਲ ਨੇ ਦਾਰਸ਼ਨਿਕ ਅਪਰਾਧ, ਵਿਅਕਤੀਗਤ ਅਤੇ ਆਧੁਨਿਕ ਸਿੱਖ ਉਭਾਰ ‘ਤੇ ਚਰਚਾ ਕੀਤੀ। ਸਕਾਲਰ ਡਾ. ਰਣਬੀਰ ਕੌਰ ਬਨਵੈਤ ਨੇ ਸਿੱਖ ਪਛਾਣ ਵਿਚ ਨੈਤਿਕਤਾ ਸੰਬੰਧੀ ਵਿਚਾਰ ਪੇਸ਼ ਕੀਤੇ।
ਮੈਕਗਿਲ ਯੂਨੀਵਰਸਿਟੀ ਕੈਨੇਡਾ ਦੇ ਡਾ. ਜਸਵਿੰਦਰ ਸਿੰਘ ਨੇ ਜੀ.ਐਨ.ਆਈ. ਦੇ ਮਨੋਰਥ, ਸੋਸਾਇਟੀਆਂ ਦੇ ਬ੍ਰਾਹਮਣੀਕਰਨ, ਪ੍ਰਸ਼ਨ ਪੁੱਛਣ ਦੀ ਮਹੱਤਤਾ ਆਦਿ ਬਾਰੇ ਅਹਿਮ ਵਿਚਾਰ ਪੇਸ਼ ਕੀਤੇ। ਸਾਈਮਨ ਫਰੇਜ਼ਰ ਯੂਨੀਵਰਸਿਟੀ ਦੀ ਵਿਜ਼ਟਿੰਗ ਫੈਕਲਟੀ ਡਾ. ਰੋਜ਼ਲੀਨ ਧਾਲੀਵਾਲ ਨੇ ਨਾਰੀਵਾਦੀ ਸਕਾਲਰਸ਼ਿਪ ਅਤੇ ਸਿੱਖ ਧਰਮ ਨਾਲ ਬਰਾਬਰੀ ਤੇ ਸਮਾਵੇਸ਼ ਬਾਰੇ ਵਿਚਾਰ ਰੱਖੇ।
ਸਿੱਖ ਸੋਸਾਇਟੀ ਗੁਰਦੁਆਰਾ ਕੈਲਗਰੀ ਦੇ ਹੈੱਡ ਗਰੰਥੀ ਡਾ. ਦਲਜੀਤ ਸਿੰਘ ਨੇ ਗੁਰਦੁਆਰਿਆਂ ਵਿਚ ਗਰੰਥੀ ਦੀ ਭੂਮਿਕਾ, ਪ੍ਰਬੰਧਕ ਕਮੇਟੀਆਂ ਦੇ ਵਿਹਾਰ ਬਾਰੇ ਵਿਸਥਾਰ ਵਿਚ ਬਹੁਤ ਹੀ ਮਹੱਤਵਪੂਰਨ ਮੁੱਦੇ ਪੇਸ਼ ਕਰਦਿਆਂ ਕਿਹਾ ਕਿ ਗਰੰਥੀ ਗੁਰੂ ਜੀ ਦਾ ਵਜ਼ੀਰ ਹੈ ਪਰ ਸਾਡਾ ਦੁਖਾਂਤ ਇਹ ਹੈ ਕਿ ਗਰੰਥੀ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਜਾਂਦਾ। ਉਨ੍ਹਾਂ ਨੌਜਵਾਨਾਂ ਨੂੰ ਧਾਰਮਿਕ ਸੰਸਥਾਵਾਂ ਨਾਲ ਜੁੜ ਕੇ ਪ੍ਰਬੰਧਕ ਕਮੇਟੀਆਂ ਵਿਚ ਆਪਣੀ ਨੁਮਾਇੰਦਗੀ ਦਰਜ ਕਰਵਾਉਣ ਦਾ ਸੁਨੇਹਾ ਵੀ ਦਿੱਤਾ। ਯੌਰਕ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਹਰਜਿੰਦਰ ਸਿੰਘ ਸੰਧੂ ਨੇ ਮਨਸੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲਜੈਂਸ) ਦੇ ਮਹੱਤਵ, ਫੈਲਾਅ, ਜ਼ਰੂਰਤ, ਇਸ ਦੀਆਂ ਪ੍ਰਾਪਤੀਆਂ, ਚੁਣੌਤੀਆਂ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ।
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀਆਂ ਤਿੰਨ ਵਿਦਿਆਰਥਣਾਂ ਨਵਜੋਤ ਕੌਰ, ਮਹਿਕ ਧਾਲੀਵਾਲ ਅਤੇ ਰੂਪ ਕੌਰ ਢਿੱਲੋਂ ਨੇ ਵੱਖ ਵੱਖ ਵਿਸ਼ਿਆਂ ‘ਤੇ ਬਹੁਤ ਹੀ ਸਾਰਥਿਕ ਵਿਚਾਰ ਪੇਸ਼ ਕਰ ਕੇ ਨੌਜਵਾਨ ਵਰਗ ਦੀ ਸੋਚ ਅਤੇ ਪ੍ਰਤਿਭਾ ਦੀ ਬਾਖੂਬੀ ਪ੍ਰਗਟਾਵਾ ਕੀਤਾ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਵਿਦਿਆਰਥਣ ਕਿਰਨ ਕੌਰ ਨੇ ਡਾਇਸਪੋਰਾ, ਧਾਰਮਿਕ ਪਛਾਣ ਅਤੇ ਰਾਸ਼ਟਰਵਾਦ ਬਾਰੇ ਆਪਣਾ ਖੋਜ ਕਾਰਜ ਪੇਸ਼ ਕੀਤਾ।
ਕਾਨਫਰੰਸ ਦੌਰਾਨ ਤਿੰਨ ਵਿਚਾਰ ਚਰਚਾ ਪੈਨਲ ਹੋਏ ਜਿਹਨਾਂ ਵਿਚ ਡਾ. ਦਮਨਪ੍ਰੀਤ ਕੌਰ ਕੰਦੋਲਾ, ਸ਼ਰਨਜੀਤ ਕੌਰ ਸੰਧਰਾ, ਡਾ. ਸਿਮਰਪ੍ਰੀਤ ਸਿੰਘ ਤੇ ਤਰਨਜੀਤ ਕੌਰ ਢਿੱਲੋਂ ਨੇ ਸਿੱਖ ਸਕਾਲਰਾਂ ਤੇ ਵਿਗਿਆਨਕਾਂ ਨੂੰ ਪਹਿਲੀ ਪੀੜ੍ਹੀ ਦੇ ਵਿਦਿਆਰਥੀਆਂ ਦੀ ਅਗਵਾਈ ਕਰਨ ਦੇ ਲਈ ਤਾਕਤਵਰ ਬਣਾਉਣ ਤੇ ਚਰਚਾ ਕੀਤੀ, ਡਾ. ਹਰਜਿੰਦਰ ਸਿੰਘ ਸੰਧੂ, ਡਾ. ਕਿਉਸੇ ਸਿਲਾਹ, ਡਾ. ਜਸਮੀਤ ਸਿੰਘ, ਹਰਪ੍ਰੀਤ ਕੌਰ ਅਤੇ ਇੰਦਰਪਾਲ ਚੱਢਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਵਿਚਾਰ ਦਰਸਾਏ ਅਤੇ ਤੀਜੇ ਪੈਨਲ ਰਾਹੀਂ ਡਾ. ਮੁਨਿੰਦਰ ਕੌਰ ਆਹਲੂਵਾਲੀਆ, ਡਾ. ਅੰਮ੍ਰਿਤਪਾਲ ਸਿੰਘ ਸ਼ੇਰਗਿੱਲ, ਡਾ. ਰੌਬਿੰਦਰ (ਰੌਬ) ਬੇਦੀ ਅਤੇ ਡਾ. ਰਮਨ ਕੌਰ ਮੋਹਾਬੀਰ ਨੇ ਸਿੱਖਾਂ ਵੱਲੋਂ ਮਾਨਸਿਕ ਸਿਹਤ ਸੰਬੰਧੀ ਚੁੱਪ ਧਾਰ ਲੈਣ ਬਾਰੇ ਗੱਲਬਾਤ ਕੀਤੀ ਅਤੇ ਇਸ ਉੱਪਰ ਖੋਜ ਅਤੇ ਪ੍ਰੈਕਟਿਸ ਕਰਨ ਲਈ ਸੁਝਾਅ ਦਿੱਤੇ।
ਜੀ.ਐਨ.ਆਈ. ਦੇ ਪ੍ਰੋਫੈਸਰ ਅਤੇ ਡਾਇਰੈਕਟਰ ਡਾ. ਲਖਵਿੰਦਰ ਸਿੰਘ ਬੇਦੀ ਨੇ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਵੱਲੋਂ ਪੰਜਾਬ ਅਤੇ ਕੈਨੇਡਾ ਦਰਮਿਆਨ ਵਿਦਿਅਕ ਪੁਲ ਉਸਾਰਨ ਲਈ ਨਿਭਾਈ ਜਾ ਰਹੀ ਭੂਮਿਕਾ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ। ਡਾ. ਬਲਬੀਰ ਕੌਰ ਗੁਰਮ ਨੇ ਪਹਿਲੇ ਦਿਨ ਅਤੇ ਡਾ. ਸਤਪਾਲ ਸਿੰਘ ਨੇ ਦੂਜੇ ਦਿਨ ਪੇਸ਼ ਹੋਏ ਸਮੁੱਚੇ ਵਿਚਾਰਾਂ ਨੂੰ ਸੰਖੇਪ ਵਿਚ ਵਰਨਣ ਕੀਤਾ। ਅਮਨ ਸਿੰਘ ਹੁੰਦਲ ਅਤੇ ਗੁਰਜੀਤ ਕੌਰ ਨੇ ਦੋਹਾਂ ਦਿਨਾ ਦੀ ਕਾਨਫਰੰਸ ਦਾ ਸੰਚਾਲਨ ਬਾਖੂਬੀ ਕੀਤਾ। ਪਹਿਲੇ ਦਿਨ ਦੇ ਡਿਨਰ ਸੈਸ਼ਨ ਵਿਚ ਕੈਨੇਡੀਅਨ ਪੱਤਰਕਾਰੀ, ਰਾਜਨੀਤੀ ਅਤੇ ਸਮਾਜਿਕ ਖੇਤਰ ਵਿਚ ਲੰਮਾਂ ਤਜਰਬਾ ਰੱਖਣ ਵਾਲੇ ਜਸ ਜੌਹਲ ਨੇ ਵਿਦਿਆਰਥੀਆਂ ਅਤੇ ਮਹਿਮਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਨੀਸ਼ਾ ਹੋਠੀ ਨੇ ਇਸ ਸੈਸ਼ਨ ਦਾ ਸੰਚਾਲਨ ਕੀਤਾ।
ਗਿਆਨ ਸਿੰਘ ਸੰਧੂ, ਡਾ. ਕਮਲਜੀਤ ਕੌਰ ਸਿੱਧੂ, ਅਮਨ ਸਿੰਘ ਹੁੰਦਲ, ਗੁਰਜੀਤ ਕੌਰ, ਸਤਵੀਰ ਕੌਰ ਸਿੱਧੂ, ਡਾ. ਲਖਵਿੰਦਰ ਸਿੰਘ ਬੇਦੀ, ਨੀਸ਼ਾ ਕੌਰ ਹੋਠੀ ਅਤੇ ਸੰਸਥਾ ਦੀ ਸਮੁੱਚੀ ਟੀਮ ਦੀ ਮਿਹਨਤ, ਸਮੱਰਪਿਤ ਭਾਵਨਾ, ਦੂਰ-ਅੰਦੇਸ਼ੀ ਅਤੇ ਯਤਨਾਂ ਸਦਕਾ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ-2025 ਸਿੱਖ ਭਾਈਚਾਰੇ ਵਿਚ ਕਈ ਗੰਭੀਰ ਮੁੱਦਿਆਂ ਨੂੰ ਉਜਾਗਰ ਕਰਨ ਵਿਚ ਸਫਲ ਰਹੀ। ਇਸ ਮੌਕੇ ਸਿੱਖ ਆਰਕਾਈਵਜ਼ ਆਫ ਕੈਨੇਡਾ ਵੱਲੋਂ ਦੁਰਲੱਭ ਚਿੱਤਰਾਂ, ਪੁਸਤਕਾਂ ਅਤੇ ਰਸਾਲਿਆਂ ਦੀ ਪ੍ਰਦਰਸ਼ਨੀ ਵਿਚ ਦਰਸ਼ਕਾਂ ਨੇ ਵਿਸ਼ੇਸ਼ ਦਿਲਚਸਪੀ ਪ੍ਰਗਟ ਕੀਤੀ।