ਵਿਆਨਾਂ- ਅਫਗਾਨੀ ਸਿੱਖਾਂ ਵੱਲੋਂ ਆਸਟਰੀਆ ਦੇ ਸ਼ਹਿਰ ਵਿਆਨਾਂ ਦੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ
ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਜੱਸੀ ਸਿੰਘ ਵਧਵਾ ਨੇ ਕੌਮੀ ਮਾਰਗ ਨਾਲ ਸਾਂਝੀ ਕੀਤੀ। ਉਨਾਂ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ
ਵੀ ਤਿੰਨ ਦਿਨਾਂ ਸਮਾਗਮ ਜੋ ਕਿ ਅੱਠ ਨਵੰਬਰ ਤੋਂ ਸ਼ੁਰੂ ਹੋਏ 10 ਤਰੀਕ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਰਦਾਰ ਵਧਵਾ ਨੇ ਦੱਸਿਆ ਕਿ ਇਹ ਗੁਰਦੁਆਰਾ
ਸਾਹਿਬ ਤਕਰੀਬਨ 7 ਕੁ ਸਾਲ ਤੋਂ ਹੋਂਦ ਵਿੱਚ ਆਇਆ ਹੈ ਇਹ ਅਫਗਾਨਿਸਤਾਨ ਦੇ ਸਿੰਘਾ ਦੇ ਸਹਿਯੋਗ ਨਾਲ ਤਿਆਰ ਹੋਇਆ ਹੈ। ਵਿਆਨਾ ਸ਼ਹਿਰ ਵਿੱਚ ਸਥਿਤ ਇਸ ਗੁਰਦੁਆਰੇ
ਵਿੱਚ ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਦੇ ਸਮਾਗਮ ਦੌਰਾਨ ਤਕਰੀਬਨ 300 ਦੇ ਕਰੀਬ ਅਫਗਾਨੀ ਪਰਿਵਾਰਾਂ ਨੇ ਹਿੱਸਾ ਲਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ
ਨਾਲ ਪਰਨਾਏ ਹੋਏ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਅਫਗਾਨੀ ਗੁਰਸਿੱਖ ਬੱਚਿਆਂ ਤੋਂ ਕੀਰਤਨ ਕਰਵਾਇਆ। ਗੁਰਪੁਰਬ ਦੇ ਸਬੰਧ ਵਿੱਚ ਛੋਟੇ ਛੋਟੇ ਬੱਚਿਆਂ
ਨੇ ਰਸ ਭਿੰਨਾ ਕੀਰਤਨ ਕਰਕੇ ਜਿੱਥੇ ਸੰਗਤ ਨੂੰ ਮੰਤਰ ਮੁਗਧ ਕੀਤਾ ਉਥੇ ਇਸ ਗੱਲ ਦੀ ਹੈਰਾਨੀ ਵੀ ਪ੍ਰਗਟ ਕਰਵਾਈ ਕਿ ਛੋਟੇ ਛੋਟੇ ਬੱਚੇ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਹਨ।