ਨਵੀਂ ਦਿੱਲੀ -ਬੀਤੀ ਦਿਨੀਂ ਦਿੱਲੀ ਦੇ ਸਿੱਖ ਕਾਲਜਾਂ ਅੰਦਰ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਸਮਰਥਕ ਪਾਰਟੀ ਐਸ ਓ ਆਈ ਦੀ ਹੁੰਝਾ ਫੇਰ ਦੋ ਕਾਲਜਾਂ ਅੰਦਰ 6 ਦੀਆਂ 6 ਸੀਟਾਂ ਉਪਰ ਜਿੱਤ ਹੋਈ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਨੀਹਾਂ ਹਿਲਾ ਕੇ ਦਸ ਦਿੱਤਾ ਹੈ ਕਿ ਤੁਹਾਡੇ ਵਲੋਂ ਪੰਥਕ ਸਰਮਾਏ ਨੂੰ ਖੁਰਦ ਬੁਰਦ ਕੀਤੇ ਜਾਣ ਦਾ ਸਖ਼ਤ ਨੌਟਿਸ ਲੈ ਕੇ ਨੌਜੁਆਨ ਤੁਹਾਡੇ ਵਿਰੁੱਧ ਉੱਠ ਖੜਾ ਹੋਇਆ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਯੂਥ ਵਿੰਗ ਦੇ ਮੁੱਖੀ ਸਰਦਾਰ ਰਮਨਦੀਪ ਸਿੰਘ ਸੋਨੂੰ ਨੇ ਜਿੱਤੇ ਹੋਏ ਸਮੂਹ ਮੈਂਬਰਾਂ ਨੂੰ ਵਧਾਈ ਦੇਂਦਿਆ ਕਿਹਾ ਕਿ ਤੁਹਾਨੂੰ ਵਿਰੋਧੀ ਪਾਰਟੀ ਵਲੋਂ ਵਾਰ ਵਾਰ ਮਿਲ਼ ਰਹੀਆਂ ਧਮਕੀਆਂ ਅਤੇ ਆਫ਼ਰਾ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਵਿਚ ਚਟਾਂਣ ਬਣ ਕੇ ਖੜੇ ਰਹਿਣਾ ਤੁਹਾਡੇ ਵਲੋਂ ਪਾਰਟੀ ਪ੍ਰਤੀ ਗਹਿਰੇ ਵਿਸ਼ਵਾਸ ਦਾ ਪ੍ਰਗਟਾਵਾ ਅਤੇ ਆਣ ਵਾਲੇ ਸਮੇਂ ਵਿਚ ਮੁੜ ਪਾਰਟੀ ਵਲੋਂ ਕਮਾਨ ਸੰਭਾਲੇ ਜਾਣ ਦਾ ਰਾਹ ਪੱਧਰਾ ਕਰਣ ਵਿਚ ਸਹਿਯੋਗ ਦੇਣਾ ਸਤਿਕਾਰ ਯੋਗ ਹੈ । ਇਸ ਮੌਕੇ ਸੋਨੂੰ ਨੇ ਕਿਹਾ ਕਿ ਕਮੇਟੀ ਵਲੋਂ ਸਕੂਲ, ਕਾਲਜਾਂ ਨੂੰ ਖ਼ਤਮ ਹੋਣ ਕਿਨਾਰੇ ਲਿਆ ਦਿੱਤਾ ਗਿਆ ਹੈ ਤੇ ਕਮੇਟੀ ਭਾਰੀ ਭਰਕਮ ਕਰਜੇ ਹੇਠ ਹੈ ਜਿਸਦਾ ਜਿਕਰ ਅਦਾਲਤ ਵਿਚ ਚਲ ਰਹੇ ਇਕ ਕੇਸ ਅੰਦਰ ਵੀਂ ਹੋਇਆ ਹੈ । ਉਨ੍ਹਾਂ ਕਮੇਟੀ ਪ੍ਰਬੰਧਕਾਂ ਨੂੰ ਸੁਆਲ ਕਰਦੇ ਕਿਹਾ ਕਿ ਤੁਸੀਂ ਪੰਥ ਨੂੰ ਦਸੋ ਕਿ ਤੁਹਾਡੇ ਕਾਰਜਕਾਲ ਦੌਰਾਨ ਪੰਥ ਨੂੰ ਕੌਈ ਪ੍ਰਾਪਤੀ ਹੋਈ ਹੋਏ ਜਾਂ ਪੰਥ ਦਾ ਕੌਈ ਗੰਭੀਰ ਮਸਲਾ ਸੁਲਝਾਇਆ ਗਿਆ ਹੋਏ । ਉਨ੍ਹਾਂ ਚੇਤਾਵਨੀ ਦੇਂਦਿਆ ਕਿਹਾ ਕਿ ਤੁਹਾਡੀਆਂ ਪੰਥ ਵਿਰੋਧੀ ਕਾਰਵਾਈਆਂ ਵਿਰੁੱਧ ਹੁਣ ਨੌਜੁਆਨ ਉੱਠ ਖੜਾ ਹੋਇਆ ਹੈ ਤੇ ਹੁਣ ਆਣ ਵਾਲੇ ਸਮੇਂ ਵਿਚ ਮੌਜੂਦਾ ਨਿਜ਼ਾਮ ਬਦਲਿਆ ਜਾਣਾ ਨਿਸ਼ਚਿਤ ਹੋ ਚੁਕਿਆ ਹੈ ਜਿਸ ਲਈ ਅਸੀਂ ਦਿੱਲੀ ਦੀ ਸੰਗਤ ਨੂੰ ਵੀਂ ਨੌਜੁਆਨਾਂ ਦੇ ਫੈਸਲੇ ਦੀ ਹਮਾਇਤ ਵਿਚ ਅੱਗੇ ਆਣ ਦੀ ਅਪੀਲ ਕਰਦੇ ਹਾਂ । ਕਾਲਜ ਦੀਆਂ ਚੋਣਾਂ ਵਿਚ ਜਿੱਤੇ ਹੋਏ ਬੱਚਿਆਂ ਨੇ ਆਪਣੀ ਪੂਰੀ ਟੀਮ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ, ਯੂਥ ਦਲ ਦੇ ਪ੍ਰਧਾਨ ਸਰਦਾਰ ਰਮਨਦੀਪ ਸਿੰਘ ਸੋਨੂੰ, ਹਰਸਿਮਰਨ ਸਿੰਘ, ਸਾਹਿਬ ਸਿੰਘ ਦਾ ਉਚੇਚੇ ਤੌਰ ਤੇ ਧੰਨਵਾਦ ਕਿਹਾ ਕਿ ਸਾਡੀ ਜਿੱਤ ਵਿਚ ਇੰਨ੍ਹਾ ਸਭ ਦਾ ਬਹੁਤ ਵੱਡਾ ਸ਼ਹਿਯੋਗ ਅਤੇ ਮਾਰਗਦਰਸ਼ਨ ਹੈ ਜਿਨ੍ਹਾਂ ਨੇ ਸਾਨੂੰ ਜਿਤਾਂਉਣ ਲਈ ਦਿਨ ਰਾਤ ਇਕ ਕਰਕੇ ਬਹੁਤ ਸੁਚੱਜੀ ਅਗਵਾਈ ਕੀਤੀ ਸੀ। ਜਿਕਰਯੋਗ ਹੈ ਕਿ ਇੰਨ੍ਹਾ ਨੌਜੁਆਨਾਂ ਨੂੰ ਇਕ ਭਰਵੇ ਪ੍ਰੋਗਰਾਮ ਵਿਚ ਬਲਵਿੰਦਰ ਸਿੰਘ ਭੂੰਦੜ ਵਲੋਂ ਸਨਮਾਨਿਤ ਕੀਤਾ ਗਿਆ ਸੀ ।