ਨਵੀਂ ਦਿੱਲੀ- ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਜੋ ਕਿ ਇਸ ਸਮੇਂ ਕੈਨੇਡਾ ਦੌਰੇ ਤੇ ਹਨ ਨੇ ਫੋਨ ਰਾਹੀਂ ਕੀਤੀ ਗੱਲਬਾਤ ਦੌਰਾਨ ਕਿਹਾ ਕਿ ਇਕ ਨਵੀਂ ਵੀਡੀਓ ਦੇਖਣ ਨੂੰ ਮਿਲ਼ ਰਹੀ ਹੈ ਜਿਸ ਵਿਚ ਸਿੱਖ ਪੰਥ ਦੇ ਵੱਖ ਵੱਖ ਗੁਟਕਾ ਸਾਹਿਬ ਨੂੰ ਇਕੱਠਾ ਕਰਕੇ ਉਨ੍ਹਾਂ ਉਪਰ ਕੌਈ ਜੁੱਤੀ ਨਾਲ ਵਾਰ ਕਰਕੇ ਸਿੱਖ ਪੰਥ ਦੀ ਭਾਵਨਾਵਾਂ ਨੂੰ ਵਡੀ ਠੇਸ ਪਹੁੰਚਾ ਰਿਹਾ ਹੈ ਤੇ ਮੀਡੀਆ ਰਾਹੀਂ ਮਿਲ਼ ਰਹੀਆਂ ਬਹੁਤੀਆਂ ਖਬਰਾਂ ਜਿਸ ਵਿਚ ਏ ਆਈ ਦੀ ਦੁਰਵਰਤੋਂ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਬੇਹੂਰਮਤੀ ਕਰਣ ਦੀਆਂ ਕੋਝੀਆਂ ਚਾਲਾਂ ਨੂੰ ਦੇਖ/ਪੜ ਕੇ ਹਿਰਦੇ ਵਲੂੰਧਰੇ ਜਾਂਦੇ ਹਨ ਤੇ ਇੰਨ੍ਹਾ ਸ਼ਰਾਰਤੀ ਲੋਕਾਂ ਉਪਰ ਕਿਸੇ ਕਿਸਮ ਦੀ ਕੌਈ ਕਾਰਵਾਈ ਨਾ ਹੋਣਾ, ਸਿੱਖ ਪੰਥ ਲਈ ਇਕ ਵਡੀ ਗੰਭੀਰ ਚੁਣੌਤੀ ਹੈ । ਇਸ ਤੋਂ ਪਹਿਲਾਂ ਵੀਂ ਦਰਬਾਰ ਸਾਹਿਬ ਪਰਿਕ੍ਰਮਾਂ ਵਿਚ ਮੋਟੂ ਪਤਲੁ ਦੇ ਕਾਰਟੂਨ, ਸ੍ਰੀ ਦਰਬਾਰ ਸਾਹਿਬ ਜੀ ਦੀ ਪਰਿਕ੍ਰਮਾਂ ਵਿਚ ਨੰਗੇ ਸਿਰ ਦੀਆਂ ਕੁੜੀਆਂ ਨੂੰ ਦਿਖਾਣਾ, ਕਦੇ ਸਿਰ ਤੇ ਪੱਗ ਬੰਨੀ ਕੁੜੀਆਂ ਦੇ ਕੰਨਾਂ ਵਿਚ ਵਾਲੀਆਂ, ਕਦੇ ਬਾਬੇ ਨਾਨਕ ਨੂੰ ਖੇਤੀ ਕਰਦਿਆਂ ਦਿਖਾਣਾ, ਕਦੇ ਪੰਚਮ ਪਾਤਸ਼ਾਹ ਨੂੰ ਤਤੀ ਤਵੀ ਤੇ ਨੱਚਦੇ ਦਿਖਾਣਾ, ਕਦੇ ਮਹਾਰਾਜਾ ਰਣਜੀਤ ਸਿੰਘ ਨੂੰ ਦਰਬਾਰ ਸਾਹਿਬ ਵਿਚ ਨੱਚਦੇ ਦਿਖਾਇਆ ਗਿਆ ਸੀ ਤੇ ਸਿੱਖਾਂ ਵਲੋਂ ਕੀਤੀ ਗਈ ਸ਼ਿਕਾਇਤਾਂ ਉਪਰ ਕੌਈ ਕਾਰਵਾਈ ਨਾ ਹੋਣ ਕਰਕੇ ਸ਼ਰਾਰਤੀ ਲੋਕਾਂ ਦੇ ਹੋਂਸਲੇ ਵੱਧ ਗਏ ਸਨ । ਉਨ੍ਹਾਂ ਗੰਭੀਰ ਹੁੰਦਿਆਂ ਕਿਹਾ ਕਿ ਇਹ ਸਭ ਇਕ ਗਿਣੀ ਮਿੱਠੀ ਚਾਲ ਨਾਲ ਸਿੱਖ ਪੰਥ ਨੂੰ ਬਦਨਾਮ ਕਰਣ ਲਈ ਇਕ ਅਣਡਿੱਥੇ ਜੁੱਧ ਦਾ ਐਲਾਨ ਕੀਤਾ ਹੋਇਆ ਲਗ ਰਿਹਾ ਹੈ ਜਿਸ ਨੂੰ ਨੱਥ ਪਾਣ ਵਿਚ ਦੇਸ਼ ਦਾ ਪੁਲਿਸ ਵਿਭਾਗ ਨਾਕਾਮਯਾਬ ਹੋ ਰਿਹਾ ਹੈ ਜਾਂ ਓਹ ਇੰਨ੍ਹਾ ਸ਼ਰਾਰਤੀ ਅਨਸਰਾਂ ਵਿਰੁੱਧ ਕੁਝ ਕਰਣਾ ਹੀ ਨਹੀਂ ਚਾਹੁੰਦੇ ਹਨ । ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇੰਨ੍ਹਾ ਸ਼ਰਾਰਤੀ ਅਨਸਰਾਂ ਦੀ ਭਾਲ ਕਰ ਕੇ ਇੰਨ੍ਹਾ ਵਿਰੁੱਧ ਸਖ਼ਤ ਕਾਰਵਾਈ ਕਰਣ ਦਾ ਉਪਰਾਲਾ ਕੀਤਾ ਜਾਏ ਜਿਸ ਨਾਲ ਦੇਸ਼ ਦਾ ਮਾਹੌਲ ਖਰਾਬ ਨਾ ਹੋ ਸਕੇ ਅਤੇ ਸਮੂਹ ਭਾਈਚਾਰਿਆ ਅੰਦਰ ਸਦਭਾਵਨਾ ਦਾ ਮਾਹੌਲ ਬਣਿਆ ਰਹਿ ਸਕੇ ।