ਨਵੀਂ ਦਿੱਲੀ -ਲਖੀਮਪੁਰ ਖੇੜੀ ਦੇ ਸਿੱਖ ਭਾਈਚਾਰੇ ਨੇ ਪੁਲਿਸ ਸੁਪਰਡੈਂਟ ਸੰਕਲਪ ਸ਼ਰਮਾ ਨੂੰ ਫੇਸਬੁੱਕ 'ਤੇ ਵਾਇਰਲ ਹੋਈ ਇੱਕ ਧਮਕੀ ਭਰੀ ਵੀਡੀਓ ਬਾਰੇ ਸ਼ਿਕਾਇਤ ਕੀਤੀ ਹੈ। ਰਾਮਪੁਰ ਗੋਕੁਲ ਦੇ ਸਿੱਖ ਭਾਈਚਾਰੇ ਦੇ ਮੈਂਬਰ ਪੁਲਿਸ ਸੁਪਰਡੈਂਟ ਦੇ ਦਫ਼ਤਰ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ।ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇੱਕ ਨੌਜਵਾਨ ਨੇ ਨਵੰਬਰ 1984 ਵਿਚ ਸਿੱਖਾਂ ਦੇ ਕੀਤੇ ਗਏ ਕਤਲੇਆਮ ਦਾ ਹਵਾਲਾ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ। ਵੀਡੀਓ ਵਿਚ ਉਸਨੇ ਸਿੱਖ ਭਾਈਚਾਰੇ ਦੇ ਗਲੇ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਜ਼ਿੰਦਾ ਸਾੜਨ ਦੀ ਧਮਕੀ ਦਿੱਤੀ। ਨਾਲ ਹੀ ਓਸ ਨੇ ਸਿੱਖ ਧਾਰਮਿਕ ਚਿੰਨ੍ਹਾਂ ਦਾ ਵੀ ਅਪਮਾਨ ਕਰਦਿਆਂ ਸਿੱਖਾਂ ਦੀ ਦਾੜ੍ਹੀ ਅਤੇ ਵਾਲ ਕੱਟਣ ਦੀ ਧਮਕੀ ਵੀਂ ਦਿੱਤੀ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਦੋਵਾਂ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਪੈਦਾ ਕਰਨ ਦੇ ਇਰਾਦੇ ਨਾਲ ਕੀਤੀ ਗਈ ਸੀ। ਇਸ ਧਮਕੀ ਨੇ ਸੂਬੇ ਭਰ ਦੇ ਸਿੱਖ ਭਾਈਚਾਰੇ ਵਿਚ ਰੋਸ ਪੈਦਾ ਕਰ ਦਿੱਤਾ ਹੈ। ਭਾਈਚਾਰਾ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਿਹਾ ਹੈ। ਰਾਮਪੁਰ ਗੋਕੁਲ ਅਤੇ ਐਠਾਪੁਰ ਦੇ ਸਿੱਖ ਪ੍ਰਤੀਨਿਧੀਆਂ ਨੇ ਕਿਹਾ ਕਿ ਅਜਿਹੇ ਖਤਰਿਆਂ ਨੂੰ ਹੱਲ ਨਾ ਕਰਨ ਨਾਲ ਭਾਈਚਾਰੇ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ। ਵਫ਼ਦ ਵਿੱਚ ਅਰਜੁਨ ਸਿੰਘ, ਸ਼ਮਸ਼ੇਰ ਸਿੰਘ, ਕੁਲਵੰਤ ਸਿੰਘ, ਬਿੰਦਰਾ ਸਿੰਘ ਅਤੇ ਹਰਦੇਵ ਸਿੰਘ ਸਮੇਤ ਹੋਰ ਸ਼ਾਮਲ ਸਨ। ਪੁਲਿਸ ਸੁਪਰਡੈਂਟ ਸੰਕਲਪ ਸ਼ਰਮਾ ਨੇ ਮਾਮਲੇ ਵਿੱਚ ਜਲਦ ਕਾਰਵਾਈ ਕਰਣ ਦਾ ਭਰੋਸਾ ਦਿੱਤਾ ਹੈ।