ਸਰੀ- ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਵੱਲੋਂ ਬੀਤੇ ਦਿਨੀਂ ਨਿਊਟਨ ਐਥਲੈਟਿਕਸ ਪਾਰਕ ਸਰੀ ਵਿਚ ਪੇਂਡੂ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ਵਾਲੀਬਾਲ, ਕਿਕ੍ਰਟ, ਸੀਪ ਅਤੇ ਹੋਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਆਈਸੀਯੂ ਦੇ ਪ੍ਰਧਾਨ ਜਸ਼ਨ ਸਿੱਧੂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਾਰੇ ਖੇਡ ਮੁਕਾਬਲੇ ਬਹੁਤ ਹੀ ਦਿਲਚਸਪ ਰਹੇ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀਆਂ ਨੇ ਖੇਡਾਂ ਆਨੰਦ ਮਾਣਿਆ।
ਉਨ੍ਹਾਂ ਦੱਸਿਆ ਕਿ ਅੰਤਿਮ ਨਤੀਜਿਆਂ ਅਨੁਸਾਰ ਵਾਲੀਬਾਲ ਦੇ ਮੁਕਾਬਲੇ ਵਿਚ ਕੈਨੇਡਾ ਫਰੈਂਡਲੀ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਰੀ ਅਜ਼ਾਦ ਕਲੱਬ ਦੀ ਟੀਮ ਦੂਸਰੇ ਸਥਾਨ ‘ਤੇ ਰਹੀ। ਕਿਕ੍ਰਟ ਦੇ ਫ਼ਾਈਨਲ ਮੁਕਾਬਲੇ ਵਿਚ ਟਰੂਅ ਫਰੈਂਡਜ ਕਲੱਬ ਦੀ ਟੀਮ ਜੇਤੂ ਰਹੀ ਅਤੇ ਸਰੀ ਲਾਇਨਜ਼ ਕਲੱਬ ਦੀ ਟੀਮ ਰਨਰ ਰਹੀ। ਇਸ ਮੁਕਾਬਲੇ ਵਿਚ ਪ੍ਰਭ ਭੁੱਲਰ ਨੂੰ ਬੈਸਟ ਬੱਲੇਬਾਜ਼ ਐਲਾਨਿਆ ਗਿਆ ਅਤੇ ਸੈਂਡੀ ਨੂੰ ਬੈਸਟ ਗੇਂਦਬਾਜ਼ ਦਾ ਖ਼ਿਤਾਬ ਦਿੱਤਾ ਗਿਆ। ਖੇਡ ਮੇਲੇ ਵਿਚ ਚੜ੍ਹਦੀਕਲਾ ਬ੍ਰਦਰਜ਼ਹੁੱਡ ਦੇ ਟੀਮ ਮੈਂਬਰ, ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ। ਇਸ ਸੰਸਥਾ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਦਿਲਾਵਰੀ ਨੇ ਇਸ ਖੇਡ ਮੇਲੇ ਲਈ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਹੋਰਨਾਂ ਸੰਸਥਾਵਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।
ਖੇਡ ਮੇਲੇ ਵਿਚ ਵਿਚ ਪਹੁੰਚ ਕੇ ਸਰੀ ਨਿਊਟਨ ਦੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ , ਬੀ.ਸੀ. ਦੇ ਟਰੇਡ ਮੰਤਰੀ ਜਗਰੂਪ ਸਿੰਘ, ਕੌਂਸਲਰ ਲਿੰਡਾ ਐਨਿਸ, ਐਮ ਐਲ ਏ ਮਨਦੀਪ ਸਿੰਘ ਧਾਲੀਵਾਲ , ਜੋਗਰਾਜ ਸਿੰਘ ਕਾਹਲੋਂ ਨੇ ਖੇਡ ਮੇਲੇ ਦੇ ਪ੍ਰਬੰਧਕਾਂ ਅਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।
ਖੇਡ ਮੇਲੇ ਵਿਚ ਹੋਰਨਾਂ ਤੋਂ ਇਲਾਵਾ ਲਖਵੀਰ ਗਰੇਵਾਲ, ਹਰਪ੍ਰੀਤ ਸਿੰਘ ਮਨਕਾਟਲਾ, ਬਲਜੀਤ ਸਿੰਘ ਰਾਏ, ਮਨਜੀਤ ਸਿੰਘ ਚੀਮਾ, ਅਵਤਾਰ ਸਿੰਘ ਧਨੋਆ, ਨਿਰੰਜਣ ਸਿੰਘ ਲਹਿਲ, ਸੰਦੀਪ ਸਿੰਘ ਧੰਜੂ, ਦਵਿੰਦਰ ਸਿੰਘ ਸ਼ੇਰਗਿੱਲ, ਜ਼ੋਰਾਵਰ ਸਿੰਘ ਗਰੇਵਾਲ, ਪਰਮਜੀਤ ਸਿੰਘ ਗਰੇਵਾਲ, ਅਰਸ਼ਨੂਰ ਕੌਰ ਨੇ ਸ਼ਮੂਲੀਅਤ ਕੀਤੀ। ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਜਸ਼ਨ ਸਿੱਧੂ ਨੇ ਖੇਡ ਵਿਚ ਸ਼ਾਮਲ ਹੋਏ ਮਹਿਮਾਨਾਂ, ਰਾਜਨੀਤਕ ਆਗੂਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ‘ਤੇ ਚੜ੍ਹਦੀਕਲਾ ਬ੍ਰਦਰਜ਼ਹੁੱਡ ਐਸੋਸੀਏਸ਼ਨ ਵੱਲੋਂ ਲੋਕ ਭਲਾਈ ਕਾਰਜਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਹਿਤ ਇੱਕ ਸਟਾਲ ਲਾਇਆ ਗਿਆ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਖੇਡ ਮੇਲੇ ਵਿਚ ਸ਼ਾਮਲ ਲੋਕਾਂ ਨੂੰ ਪੰਜਾਬ ਦੇ ਹੜ ਪੀੜਤਾਂ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ।