ਨਵੀਂ ਦਿੱਲੀ- ਦਿੱਲੀ ਵਿਚ ਭਾਰਤੀ ਪੁਰਾਲੇਖ ਵਿਭਾਗ ਯਾਨੀ ਆਰਕਾਇਲੋਜਿਕਲ ਸਰਵੇ ਆਫ ਇੰਡੀਆ (ਏ ਐਸ ਆਈ) ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਚ ਇਕ ਕਮਰੇ ਦੀ ਛੱਤ ਨੂੰ ਲੈ ਕੇ ਜਾਰੀ ਕੀਤਾ ਗਿਆ ਨੋਟਿਸ ਏ ਐਸ ਆਈ ਵਿਭਾਗ ਨੇ ਵਾਪਸ ਲੈ ਲਿਆ ਹੈ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦਿੱਤੀ।
ਇਥੇ ਜਾਰੀ ਕੀਤੇ ਗਏ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਇਹ ਨੋਟਿਸ ਪਹਿਲੀ ਵਾਰ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਕਾਰਜਕਾਲ ਵੇਲੇ 2015 ਵਿਚ ਜਾਰੀ ਕੀਤਾ ਗਿਆ ਸੀ ਪਰ ਉਹਨਾਂ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਜਿਸ ਕਾਰਨ ਦੁਬਾਰਾ ਨੋਟਿਸ ਆਇਆ। ਉਹਨਾਂ ਦੱਸਿਆ ਕਿ ਹੁਣ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀ ਪੈਰਵੀ ਤੋਂ ਬਾਅਦ ਵਿਭਾਗ ਨੇ ਕਮੇਟੀ ਨੂੰ ਪੱਤਰ ਲਿਖ ਕੇ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਤੋਂ ਭੁਲੇਖੇ ਨਾਲ ਇਹ ਨੋਟਿਸ ਜਾਰੀ ਹੋਇਆ ਸੀ ਜੋ ਹੁਣ ਕਮੇਟੀ ਨੇ ਜਵਾਬ ਦਿੱਤਾ ਹੈ, ਉਸ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ ਤੇ ਇਹ ਨੋਟਿਸ ਵਾਪਸ ਲਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਜਿਵੇਂ ਹੀ ਨੋਟਿਸ ਕਮੇਟੀ ਦੇ ਧਿਆਨ ਵਿਚ ਆਇਆ, ਤਾ ਕਮੇਟੀ ਵੱਲੋਂ ਠੋਸ ਤਰੀਕੇ ਨਾਲ ਮਾਮਲੇ ਦੀ ਪੈਰਵੀ ਕੀਤੀ ਤੇ ਵਿਭਾਗ ਨੂੰ ਸਪਸ਼ਟ ਕਰ ਦਿੱਤਾ ਕਿ ਜਿਸ ਥਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਅਧੀਨ ਹੈ ਤੇ ਇਸ ’ਤੇ ਕਿਸੇ ਵੀ ਤਰੀਕੇ ਨਜਾਇਜ਼ ਕਬਜ਼ਾ ਨਹੀਂ ਹੈ। ਇਸ ਲਈ ਜਾਰੀ ਕੀਤਾ ਗਿਆ ਨੋਟਿਸ ਗਲਤ ਹੈ, ਇਸਨੂੰ ਤੁਰੰਤ ਵਾਪਸ ਲਿਆ ਜਾਵੇ। ਉਹਨਾਂ ਦੱਸਿਆ ਕਿ ਵਿਭਾਗ ਨੇ ਆਪਣੀ ਗਲਤੀ ਮੰਨਦੇ ਹੋਏ ਨੋਟਿਸ ਵਾਪਸ ਲੈ ਲਿਆ ਹੈ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਮਨਜੀਤ ਸਿੰਘ ਜੀ.ਕੇ. ਨੂੰ ਸਲਾਹ ਦਿੱਤੀ ਕਿ ਉਹ ਸਿੱਖ ਸੰਸਥਾ ਨੂੰ ਬਦਨਾਮ ਕਰਨ ਵਾਸਤੇ ਆਪਣੀ ਘਟੀਆ ਰਾਜਨੀਤੀ ਬੰਦ ਕਰ ਦੇਣ। ਸੰਗਤਾਂ ਪਹਿਲਾਂ ਹੀ ਉਹਨਾਂ ਨੂੰ ਪਿਛਲੀਆਂ ਚੋਣਾਂ ਵਿਚ ਸਬਕ ਸਿਖਾ ਚੁੱਕੀਆਂ ਹਨ ਤੇ ਜੇਕਰ ਉਹਨਾਂ ਪੰਥਕ ਸੰਸਥਾਵਾਂ ਦੀ ਬਦਨਾਮੀ ਕਰਨੀ ਬੰਦ ਨਾ ਕੀਤੀ ਤਾਂ ਹੋਰ ਵੀ ਸਖ਼ਤ ਸਬਕ ਸੰਗਤਾਂ ਉਹਨਾਂ ਨੂੰ ਸਿਖਾਉਣਗੀਆਂ। ਇਸ ਮਾਮਲੇ ਵਿਚ ਵਿਭਾਗ ਵਲੋਂ ਗੁਰਦੁਆਰਾ ਸਾਹਿਬ ਵਿਚ ਅੱਗੇ ਤੋਂ ਕਿਸੇ ਵੀਂ ਨਿਰਮਾਣ ਨੂੰ ਕਰਣ ਤੋਂ ਪਹਿਲਾਂ ਓਸ ਦੀ ਇਜਾਜਤ ਲੈਣ ਲਈ ਵੀਂ ਕਿਹਾ ਗਿਆ ਹੈ ।