ਅੰਮ੍ਰਿਤਸਰ-¸ਖ਼ਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਖ਼ਾਲਸਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਫਿਜ਼ੀਓਥੈਰੇਪੀ ਓ. ਪੀ. ਡੀ. ’ਚ ‘ਮੁਫ਼ਤ ਫਿਜ਼ੀਓਥੈਰੇਪੀ ਉਪਚਾਰ ਕੈਂਪ’ ਲਗਾਇਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਲਗਾਏ ਗਏ ਉਕਤ ਕੈਂਪ ਦੌਰਾਨ ਆਸ ਪਾਸ ਦੇ ਲੱਗੇ ਇਲਾਕਿਆਂ ਤੋਂ 60 ਤੋਂ ਵਧੇਰੇ ਲੋਕਾਂ ਨੇ ਆਪਣੇ ਇਲਾਜ ਸਬੰਧੀ ਮੁਫ਼ਤ ਸੇਵਾਵਾਂ ਪ੍ਰਾਪਤ ਕਰਕੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਫਿਜੀਓਥਰੈਪੀ ਵਿਭਾਗ ਮੁੱਖੀ ਡਾ. ਮਨੂੰ ਵਿਸ਼ਿਸ਼ਟ, ਓ. ਪੀ. ਡੀ. ਇੰਚਾਰਜ ਡਾ. ਵਰਿੰਦਰ ਕੌਰ ਨੇ ਡਾ. ਮਾਨਸੀ ਤੁਲੀ ਨਾਲ ਮਿਲ ਕੇ ਪ੍ਰਿੰ: ਡਾ. ਰੰਧਾਵਾ ਕੈਂਪ ਦਾ ਉਦਘਾਟਨ ਕਰਨ ਲਈ ਪੁੱਜਣ ’ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਉਪਰੰਤ ਪ੍ਰਿੰ: ਡਾ. ਰੰਧਾਵਾ ਦੀ ਨਿਗਰਾਨੀ ਹੇਠ ਡਾ. ਵਿਸ਼ਿਸ਼ਟ ਅਤੇ ਡਾ. ਵਰਿੰਦਰ ਕੌਰ ਪਾਸੋਂ ਕਾਲਜ ਅਤੇ ਨੇੜਲੇ ਖੇਤਰਾਂ ਦੇ 60 ਤੋਂ ਵੱਧ ਲੋਕਾਂ ਨੇ ਮੁਫ਼ਤ ਸਲਾਹ, ਆਸਣ ਮੁਲਾਂਕਣ, ਕਸਰਤ ਪ੍ਰਦਰਸ਼ਨ, ਖੁਰਾਕ ਸਬੰਧੀ ਜਾਣਕਾਰੀ ਅਤੇ ਮੁਫ਼ਤ ਇਲਾਜ ਸਮੇਤ ਸੇਵਾਵਾਂ ਦਾ ਲਾਭ ਉਠਾਇਆ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਕੈਂਪ ਦਾ ਮਕਸਦ ਲੋਕਾਂ ਨੂੰ ਮੁਫ਼ਤ ਸਲਾਹ ਅਤੇ ਇਲਾਜ ਪ੍ਰਦਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਕੈਂਪ ਬਹੁਤ ਸਫਲ ਰਿਹਾ ਅਤੇ ਮਰੀਜ਼ਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਉਕਤ ਟੀਮ ਵੱਲੋਂ ਕਈ ਮਰੀਜ਼ਾਂ ਨੂੰ ਮੌਕੇ ’ਤੇ ਰਾਹਤ ਅਤੇ ਲੰਬੇ ਸਮੇਂ ਦੇ ਪ੍ਰਬੰਧਨ ਲਈ ਮਾਰਗਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਫਿਜ਼ੀਓ ਕਲੱਬ ਦੇ ਵਿਦਿਆਰਥੀ ਮੈਂਬਰਾਂ ਨੇ ਵੀ ਸਵੈ-ਇੱਛਾ ਨਾਲ ਸੇਵਾਵਾਂ ਨਿਭਾਉਂਦਿਆਂ ਇਸ ਨੂੰ ਸਫਲ ਬਣਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਡਾ. ਮਨੂ ਵਿਸ਼ਿਸ਼ਟ, ਡਾ. ਵਰਿੰਦਰ ਕੌਰ ਅਤੇ ਡਾ. ਤੁਲੀ ਸਮੇਤ ਹੋਰ ਸਟਾਫ਼ ਮੈਂਬਰਾਂ ਨੂੰ ਉਪਰੋਕਤ ਸਮਾਗਮ ਦੇ ਆਯੋਜਨ ਲਈ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਕਾਲਜ ਭਵਿੱਖ ’ਚ ਵੀ ਅਜਿਹੇ ਕੈਂਪਾਂ ਰਾਹੀਂ ਸਮਾਜ ਦੇ ਜੀਵਨ ਪੱਧਰ ਨੂੰ ਬੇਹਤਰ ਬਣਾਉਣ ਲਈ ਅਜਿਹੀਆਂ ਮੁਫਤ ਸੇਵਾਵਾਂ ਪ੍ਰਦਾਨ ਕਰਦਾ ਰਹੇਗਾ। ਇਸ ਮੌਕੇ ਡਾ. ਵਸ਼ਿਸ਼ਟ ਅਤੇ ਡਾ. ਵਰਿੰਦਰ ਕੌਰ ਨੇ ਪ੍ਰਿੰ: ਡਾ. ਰੰਧਾਵਾ ਵੱਲੋਂ ਕੈਂਪ ਦੇ ਆਯੋਜਨ ਸਬੰਧੀ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।