ਨਵੀਂ ਦਿੱਲੀ -ਸਿੱਖ ਫੈਡਰੇਸ਼ਨ ਯੂ.ਕੇ. ਦੀ 41ਵੀਂ ਸਾਲਾਨਾ ਅੰਤਰਰਾਸ਼ਟਰੀ ਸਿੱਖ ਕਨਵੈਨਸ਼ਨ ਗੁਰੂ ਨਾਨਕ ਗੁਰਦੁਆਰਾ ਸੈਜ਼ਲੀ ਸਟਰੀਟ ਵੁਲਵਰਹੈਂਪਟਨ ਵਿਖੇ ਹੋਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਭਾਈ ਜਸਪਾਲ ਸਿੰਘ ਨਿੱਝਰ ਤੇ ਜਤਿੰਦਰ ਸਿੰਘ ਬਾਸੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦਲ ਖਾਲਸਾ ਦੇ ਆਗੂ ਭਾਈ ਪਰਮਜੀਤ ਸਿੰਘ ਮੰਡ, ਜਸਪਾਲ ਸਿੰਘ ਕੰਗ, ਸੁਖਵਿੰਦਰ ਸਿੰਘ ਨੇ ਯੂ.ਕੇ. 'ਚ ਅੰਤਰ-ਰਾਸ਼ਟਰੀ ਦਮਨ, ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹੀਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਬਾਰੇ ਚਾਨਣਾ ਪਾਇਆ ਤੇ 1984 ਘੱਲੂਘਾਰੇ 'ਚ ਬਰਤਾਨੀਆ ਦੀ ਭੂਮਿਕਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਜਸਵਿੰਦਰ ਸਿੰਘ ਨੇ ਸਿੱਖਾਂ ਵਿਰੁੱਧ ਨਸਲੀ ਹਿੰਸਾ, ਸਿੱਖ ਲੜਕੀ ਨਾਲ ਕੀਤੀ ਬਦਸਲੂਕੀ 'ਤੇ ਚਿੰਤਾ ਜਤਾਈ। ਭਾਈ ਦਬਿੰਦਰਜੀਤ ਸਿੰਘ, ਰਣਨੀਤੀ ਬੋਰਡ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਵਿਰੁੱਧ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਭਾਈ ਮਨਿੰਦਰ ਸਿੰਘ, ਭਾਈ ਪ੍ਰਭਜੋਤ ਸਿੰਘ, ਨੇ ਦਸਿਆ ਕਿ ਫੈਡਰੇਸ਼ਨ ਵਲੋਂ ਯੂਐਨਐਚਆਰਸੀ 60 ਵਿਖੇ, ਸਿੱਖ ਪ੍ਰਤੀਨਿਧੀਆਂ ਨੇ ਸਿੱਧੇ ਤੌਰ 'ਤੇ ਉਨ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜੋ ਮਹੱਤਵਪੂਰਨ ਮਨੁੱਖੀ ਅਧਿਕਾਰ ਵਿਧੀਆਂ ਦੀ ਨਿਗਰਾਨੀ ਕਰਦੇ ਹਨ। ਅਸੀਂ ਸੰਯੁਕਤ ਰਾਸ਼ਟਰ ਦੇ ਮਾਹਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਰਾਜ-ਮੇਜ਼ਬਾਨੀ ਕੀਤੇ ਗਏ ਵੱਖ-ਵੱਖ ਸਾਈਡ ਈਵੈਂਟਾਂ ਅਤੇ ਸੰਵਾਦਾਂ ਵਿੱਚ ਹਿੱਸਾ ਲਿਆ, ਇਹ ਯਕੀਨੀ ਬਣਾਉਂਦੇ ਹੋਏ ਕਿ ਸਿੱਖ ਆਵਾਜ਼ਾਂ ਅਤੇ ਅਨੁਭਵਾਂ ਨੂੰ ਅੰਤਰਰਾਸ਼ਟਰੀ ਪ੍ਰਣਾਲੀ ਦੇ ਦਿਲ ਵਿੱਚ ਸੁਣਿਆ ਜਾਵੇ। ਉਨ੍ਹਾਂ ਦਸਿਆ ਕਿ ਮੈਂਬਰਾਂ ਨੇ ਕੌਂਸਲ ਦੀਆਂ ਆਮ ਬਹਿਸਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਕਈ ਮੁੱਖ ਮੁੱਦੇ ਉਠਾਏ ਜਿਨ੍ਹਾਂ ਵਿਚ ਪ੍ਰਭੂਸੱਤਾ ਅਤੇ ਇੱਕ ਸੁਤੰਤਰ ਖਾਲਿਸਤਾਨ ਦੀ ਸਥਾਪਨਾ ਲਈ ਸਿੱਖ ਇੱਛਾਵਾਂ, ਭਾਰਤ ਵਿੱਚ ਜਗਤਾਰ ਸਿੰਘ ਜੌਹਲ ਦੀ ਚੱਲ ਰਹੀ ਨਜ਼ਰਬੰਦੀ, ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ, ਇਹ ਮਾਮਲੇ ਦੁਨੀਆ ਭਰ ਵਿੱਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਦੇ ਭਾਰਤ ਦੇ ਪੈਟਰਨ ਨੂੰ ਦਰਸਾਉਂਦੇ ਹਨ। ਉਨ੍ਹਾਂ ਦਸਿਆ ਕਿ ਅਸੀਂ ਸਿੱਖਾਂ ਵਿਰੁੱਧ ਭਾਰਤ ਦੇ ਚੱਲ ਰਹੇ ਦਮਨ ਦੇ ਸਬੂਤ ਰਸਮੀ ਤੌਰ 'ਤੇ ਤਸ਼ੱਦਦ 'ਤੇ ਵਿਸ਼ੇਸ਼ ਰਿਪੋਰਟਰ ਨੂੰ ਸੌਂਪੇ, ਜਿਸ ਵਿੱਚ ਮਨਮਾਨੇ ਢੰਗ ਨਾਲ ਹਿਰਾਸਤ, ਤਸ਼ੱਦਦ, ਬਾਹਰੋਂ ਕਤਲ, ਇਹ ਦੁਰਵਿਵਹਾਰ ਸਿੱਖ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੀ ਵਕਾਲਤ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਲਈ ਦਿਖਾਇਆ ਗਿਆ ਸੀ। ਜਰਨੈਲ ਸਿੰਘ (ਜਰਮਨੀ), ਬਲਬੀਰ ਕੌਰ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਕੁਲਵੰਤ ਸਿੰਘ ਮੁਠੱਡਾ, ਸੁਲੱਖਣ ਸਿੰਘ ਨੇ ਪੰਥ ਦੇ ਵੱਖ ਵੱਖ ਗੰਭੀਰ ਮੁਦਿਆਂ ਤੇ ਸੰਬੋਧਨ ਕੀਤਾ ਉਪਰੰਤ ਜਰਨੈਲ ਸਿੰਘ ਵਲੋਂ ਨਵੇਂ ਢਾਂਚੇ ਦਾ ਐਲਾਨ ਕੀਤਾ ਗਿਆ । ਭਾਈ ਦਬਿੰਦਰਜੀਤ ਸਿੰਘ ਵਲੋਂ ਬੁੜੈਲ ਜੇਲ੍ਹ ਅੰਦਰ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਓਰਾ ਵਲੋਂ ਭੇਜਿਆ ਗਿਆ ਸੰਦੇਸ਼ ਪੜਿਆ ਗਿਆ । ਅਖੀਰ ਵਿੱਚ ਭਾਈ ਹਰਦੀਸ਼ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।