ਨਵੀਂ ਦਿੱਲੀ - ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਦੀ ਸੁਣਵਾਈ ਕੈਨੇਡੀਅਨ ਸੁਪਰੀਮ ਕੋਰਟ ਵਿਚ ਕੀਤੀ ਗਈ। ਅਦਾਲਤ ਅੰਦਰ ਨਾਮਜਦ ਚਾਰੇ ਦੋਸ਼ੀਆਂ ਨੂੰ ਪੇਸ਼ ਨਾ ਕੀਤੇ ਜਾਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਕੌਈ ਕਾਰਵਾਈ ਨਹੀਂ ਹੋ ਸਕੀ ਤੇ ਅਦਾਲਤ ਵਲੋਂ ਅਗਲੀ ਸੁਣਵਾਈ ਲਈ 20 ਨਵੰਬਰ ਦੀ ਤਰੀਕ ਮੁਕਰਰ ਕੀਤੀ ਗਈ ਹੈ। ਮਾਮਲੇ ਬਾਰੇ ਜਾਣਕਾਰੀ ਦੇਂਦਿਆ ਭਾਈ ਨਰਿੰਦਰ ਸਿੰਘ ਖਾਲਸਾ ਮੈਂਬਰ ਗੁਰਦੁਆਰਾ ਸਾਹਿਬ ਨੇ ਦਸਿਆ ਕਿ 20 ਨਵੰਬਰ ਨੂੰ ਅਦਾਲਤ ਵਿਚ ਦੋਨਾਂ ਪੱਖਾ ਦੇ ਵਕੀਲ ਹਾਜਿਰ ਹੋ ਕੇ ਆਪਣੇ ਪੱਖ ਰੱਖਣਗੇ ਤੇ 15 ਦਸੰਬਰ ਨੂੰ ਚਾਰੇ ਦੋਸ਼ੀਆਂ ਨੂੰ ਅਦਾਲਤ ਅੰਦਰ ਪੇਸ਼ ਕੀਤਾ ਜਾਏਗਾ । ਇਸ ਦੌਰਾਨ ਖਾਲਿਸਤਾਨ ਪੱਖੀ ਸਮੂਹ ਸਿੱਖਸ ਫਾਰ ਜਸਟਿਸ ਨੇ ਹਰਦੀਪ ਸਿੰਘ ਨਿੱਝਰ ਕਤਲ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਬਾਹਰ ਭਾਰੀ ਰੋਸ ਮੁਜਾਹਿਰਾ ਕਰਦਿਆਂ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਾ ਪੁਤਲਾ ਸਾੜ ਕੇ ਆਪਣਾ ਰੋਸ ਪ੍ਰਕਟ ਕੀਤਾ । ਇਸ ਮੌਕੇ ਟੀਮ ਨਿੱਝਰ ਦੇ ਪ੍ਰਤੀਨਿਧੀਆਂ, ਜਿਨ੍ਹਾਂ ਨੇ ਐਸਐਫਜੇ ਨਾਲ ਮਿਲ ਕੇ ਰੈਲੀ ਦਾ ਆਯੋਜਨ ਕੀਤਾ। ਅਦਾਲਤ ਦੇ ਬਾਹਰ ਤੜਕਸਾਰ ਹੀ ਮੋਰਚਾ ਲਗਾ ਦਿੱਤਾ ਸੀ ਤੇ ਨਾਹਰੇਬਾਜੀ ਕੀਤੀ ਗਈ ਸੀ । ਇਸ ਮੌਕੇ ਭਾਈ ਗੁਰਮੀਤ ਸਿੰਘ ਤੂਰ ਸਕੱਤਰ ਗੁਰਦੁਆਰਾ ਸਾਹਿਬ ਨੇ ਕਿਹਾ ਕਿ ਹਿੰਦ ਸਰਕਾਰ ਹਾਲੇ ਵੀਂ ਬਾਜ਼ ਨਹੀਂ ਆ ਰਹੀ ਹੈ ਜਿਸ ਕਰਕੇ ਕੈਨੇਡੀਅਨ ਪੁਲਿਸ ਸਿੱਖਾਂ ਨੂੰ ਵਾਰ ਵਾਰ "ਜਾਨ ਦਾ ਖਤਰਾ" ਵਰਗੇ ਅਲਰਟ ਜਾਰੀ ਕਰ ਰਹੀ ਹੈ । ਉਨ੍ਹਾਂ ਕਿਹਾ ਕਿ 23 ਨਵੰਬਰ ਨੂੰ ਓਟਵਾ ਵਿਚ ਹੋਣ ਵਾਲੀ ਰੈਫਰੰਡਮ ਦੀਆਂ ਵੋਟਾਂ ਵਿਚ ਵੱਧ ਤੋਂ ਵੱਧ ਹਾਜ਼ਿਰੀ ਭਰ ਕੇ ਰੈਫਰੰਡਮ ਨੂੰ ਸਫਲ ਬਣਾਇਆ ਜਾਏ ਜਿਸ ਨਾਲ ਹਿੰਦ ਸਰਕਾਰ ਉਪਰ ਦਬਾਅ ਬਣਾ ਕੇ ਪੰਜਾਬ ਅੰਦਰ ਵੀਂ ਰੈਫਰੰਡਮ ਕਰਵਾਏ ਜਾਣ ਦਾ ਰਾਹ ਪੱਧਰਾ ਹੋ ਸਕੇ । ਇਸ ਮੌਕੇ ਅਦਾਲਤ ਦੇ ਬਾਹਰ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਜੈਗ ਸਿੰਘ, ਬਾਬਾ ਅਵਤਾਰ ਸਿੰਘ ਖੈਰਾ, ਭਾਈ ਅਜੈਪਾਲ ਸਿੰਘ, ਭਾਈ ਮਨਜਿੰਦਰ ਸਿੰਘ ਸਿੰਘ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ ।