ਨਵੀਂ ਦਿੱਲੀ -ਇੱਕ ਵੇਲਾ ਸੀ ਜਦੋਂ ਸਿੱਖਾਂ ਦੇ ਵੱਡੇ ਤੇ ਅਹਿਮ ਸਮਾਗਮਾਂ ਵਿੱਚ ਪੰਥ ਦੀਆਂ ਵੱਡੀਆਂ ਹਸਤੀਆਂ ਇਕੱਤਰ ਹੁੰਦੀਆਂ ਸਨ ਤੇ ਪੰਥਕ ਵਿਚਾਰਾਂ ਕਰ ਰਹੀਆਂ ਸਨ । ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖਤਾਂ ਦੇ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਸਤਿਕਾਰਤ ਹਸਤੀਆਂ ਪਹੁੰਚਦੀਆਂ ਸਨ । ਪਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਇਹ ਸੰਯੋਗ ਦੇਖਣ ਨੂੰ ਨਹੀਂ ਮਿਲਿਆ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਹੁਣ ਤਿੰਨ ਦਹਾਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਸ. ਸੁਖਬੀਰ ਸਿੰਘ ਬਾਦਲ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪੰਥ ਦੀਆਂ ਵੱਡੀਆਂ ਸ਼ਖਸੀਅਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਇੰਡੀਅਨ ਹੈਬਿਟੇਟ ਸੈਂਟਰ ਵਿੱਚ 18 ਅਕਤੂਬਰ ਨੂੰ ਸਵੇਰੇ 10 ਵਜੇ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ । ਇਹ ਵੀ ਬਹੁਤ ਲੰਮੇਂ ਸਮੇਂ ਬਾਅਦ ਹੋ ਰਿਹਾ ਹੈ ਕਿ ਸਾਡੀ ਨੁਮਾਇੰਦਾ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਅੰਦਰ ਵੱਡੇ ਪੱਧਰ ਤੇ ਗੁਰਮਤਿ ਸਮਾਗਮ ਅਤੇ ਸੈਮੀਨਾਰ ਆਦਿ ਕਰ ਰਹੀਆਂ ਅਤੇ ਸੰਗਤ ਵੱਲੋਂ ਵੀ ਇਹਨਾਂ ਸਮਾਗਮਾਂ ਪ੍ਰਤੀ ਵੀ ਉਤਸ਼ਾਹ ਹੈ । ਇਸ ਸੈਮੀਨਾਰ ਵਿੱਚ ਬੜੂ ਸਾਹਿਬ ਦੇ ਮੌਜੂਦਾ ਮੁਖੀ ਬਾਬਾ ਡਾ. ਦਵਿੰਦਰ ਸਿੰਘ ਸਮੇਤ ਪੰਥ ਦੀਆਂ ਨਾਮਵਰ ਸ਼ਖਸੀਅਤਾਂ ਆਪਣੇ ਵਿਚਾਰ ਸੰਗਤ ਸਨਮੁੱਖ ਰੱਖਣਗੀਆਂ। ਅਸੀਂ ਦਿੱਲੀ ਦੀ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸੈਮੀਨਾਰ ਤੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈ ਕੇ ਲਾਹਾ ਪ੍ਰਾਪਤ ਕਰੇ ।