ਅੰਮ੍ਰਿਤਸਰ-ਬੱਚਿਓ ਜ਼ਿੰਦਗੀ ’ਚ ਕਦੇ ਵੀ ਹਿੰਮਤ ਨਹੀਂ ਹਾਰਨੀ, ਚਾਹੇ ਜੀਵਨ ’ਚ ਜਿਨ੍ਹਾਂ ਮਰਜ਼ੀ ਕਸ਼ਟ ਆਵੇ, ਮਾਨਸਿਕ ਤੌਰ ’ਤੇ ਕਮਜ਼ੋਰ ਨਹੀਂ ਪੈਣਾ। ਕਿਉਂਕਿ ਜੋ ਇਨਸਾਨ ਮਾਨਸਿਕ ਤੌਰ ’ਤੇ ਮਜ਼ਬੂਤ ਹੋਵੇਗਾ ਜੀਵਨ ’ਚ ਕਾਮਯਾਬੀ ਵੀ ਉਹੀ ਹਾਸਲ ਕਰਦਾ ਹੈ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਅੱਜ ਇੱਥੇ ਖ਼ਾਲਸਾ ਯੂਨੀਵਰਸਿਟੀ ਦੇ ਸ਼ੈਸ਼ਨ 2025-26 ਦੀ ਆਰੰਭਤਾ ਦੇ ਸਬੰਧ ’ਚ ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਮੌਕੇ ਉਚੇਚੇ ਤੌਰ ’ਤੇ ਪੁੱਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਕੀਤਾ।
ਇਸ ਮੌਕੇ ਸਿੰਘ ਸਾਹਿਬ ਜੀ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਹਰੇਕ ਇਨਸਾਨ ਦੇ ਜੀਵਨ ’ਚ ਮੁਸ਼ਕਿਲਾਂ ਤਾਂ ਆਉਂਦੀਆਂ ਹੀ ਹਨ ਪਰ ਤੁਸਾਂ ਪ੍ਰਮਾਤਮਾ ਅੱਗੇ ਇਹ ਅਰਦਾਸ-ਅਰਜੋਈ ਕਰਨੀ ਹੈ ਕਿ ਹੇ ਵਾਹਿਗੁਰੂ ਸਾਨੂੰ ਮੁਸ਼ਕਿਲਾਂ ਨਾਲ ਟਾਕਰਾ ਕਰਨ ਦੀ ਸਮਰੱਥਾ ਬਖ਼ਸ਼ਿਸ਼ ਕਰਨਾ। ਕਿਉਂਕਿ ਕਈ ਵਾਰ ਮਾਨਸਿਕ ਤੌਰ ਤੋਂ ਪ੍ਰੇਸ਼ਾਨ ਵਿਦਿਆਰਥੀ ਗ਼ਲਤ ਕਦਮ ਚੁੱਕ ਲੈਂਦੇ ਹਨ, ਜਿਸ ਨਾਲ ਬੱਚਿਆਂ ਦੁਆਰਾ ਚੁੱਕਿਆ ਗਿਆ ਕਦਮ ਸਮਾਜ ਅਤੇ ਪਰਿਵਾਰ ਨੂੰ ਨਿਘਾਰ ਵੱਲ ਧਕੇਲ੍ਹ ਦਿੰਦਾ ਹੈ। ਇਸ ਲਈ ਹਮੇਸ਼ਾਂ ਚੜ੍ਹਦੀ ਕਲਾ ’ਚ ਰਹਿਣਾ ਹੈ ਅਤੇ ਹਰ ਮੁਸੀਬਤ ਇਕ ਚੁਣੌਤੀ ਵਜੋਂ ਲੈਂਦਿਆਂ ਉਸ ਨਾਲ ਲੜਨਾ ਹੈ।
ਉਕਤ ਧਾਰਮਿਕ ਸਮਾਗਮ ਮੌਕੇ ਪਹਿਲਾਂ ਗੁਰਮਤਿ ਸਟੱਡੀ ਸੈਂਟਰ ਦੇ ਵਿਦਿਆਰਥੀਆਂ ਦੁਆਰਾ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਗੁਰ ਜਸ ਗਾਇਨ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਸਿੰਘ ਸਾਹਿਬ ਦਾ ’ਵਰਸਿਟੀ ਦੇ ਅਕਾਦਮਿਕ ਸੈਸ਼ਨ ਦੀ ਆਰੰਭਤਾ ’ਤੇ ਅਸ਼ੀਰਵਾਦ ਦੇਣ ਲਈ ਪੁੱਜਣ ’ਤੇ ਧੰਨਵਾਦ ਕਰਦਿਆਂ ’ਵਰਸਿਟੀ ਦੇ ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਪ੍ਰੋ-ਚਾਂਸਲਰ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਯੂਨੀਵਰਸਿਟੀ ਦੀ ਸਥਾਪਨਾ ਸਬੰਧੀ ਕੀਤੀ ਜਦੋਂ-ਜਹਿਦ ਸਬੰਧੀ ਚਾਨਣਾ ਪਾਉਂਦਿਆਂ ਪੂਰਵਜ੍ਹਾ ਦੇ ਮਕਸਦ ਨੂੰ ਉਜਾਗਰ ਕੀਤਾ।
ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਲਗਨ ਅਤੇ ਇਮਾਨਦਾਰੀ ਨਾਲ ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦਿਆਂ ਆਪਣੇ ਜੀਵਨ ਨੂੰ ਮਿੱਥੇ ਨੂੰ ਹਾਸਲ ਕਰਨ ਲਈ ਦੂਰਅੰਦੇਸ਼ੀ ਸੋਚ ਨੂੰ ਅਪਨਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਸਿੱਖ ਇਤਿਹਾਸ ਮਾਹਿਰ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰੂ ਸਾਹਿਬ ਦੁਆਰਾ ਵਿਖਾਏ ਮਾਰਗ ਸਬੰਧੀ ਉਦਾਹਰਣਾਂ ਦਾ ਜ਼ਿਕਰ ਕਰਦਿਆਂ ’ਵਰਸਿਟੀ ਸਬੰਧੀ ਰੂਪ-ਰੇਖਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਡੀਨ ਅਕਾਦਮਿਕ ਡਾ. ਸੁਰਿੰਦਰ ਕੌਰ, ਐਗਜਾਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ ਦੁਆਰਾ ਵਿਦਿਆਰਥੀਆਂ ਨੂੰ ਸੰਪਰੂਨ ਵਿੱਦਿਆ ਅਤੇ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਗਵਰਨਿੰਗ ਕੌਂਸਲ ਦੀ ਦੇਖ-ਰੇਖ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।
ਇਸ ਮੌਕੇ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ ਨੇ ਸ: ਰਾਜਬੀਰ ਸਿੰਘ, ਸ: ਲਖਵਿੰਦਰ ਸਿੰਘ ਢਿੱਲੋਂ, ਡਾ. ਮਹਿਲ ਸਿੰਘ ਨਾਲ ਮਿਲ ਕੇ ਸਿੰਘ ਸਾਹਿਬ ਨੂੰ ਸਿਰੋਪਾਓ ਅਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਖ਼ਾਲਸਾ ਕਾਲਜ ਆਫ਼ ਲਾਅ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ, ਡਾ. ਤਮਿੰਦਰ ਸਿੰਘ ਭਾਟੀਆ ਸਮੇਤ ਹੋਰ ਸਖਸ਼ੀਅਤਾਂ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।