ਲੁਧਿਆਣਾ- ਯੂਨਾਈਟਿਡ ਸਿੱਖਜ਼ ਸੰਸਥਾ ਨੇ ਪੰਜਾਬ ਸਰਕਾਰ ਦੇ ਕੋਲੋਂ ਜ਼ੋਰਦਾਰ ਮੰਗ ਕੀਤੀ ਹੈ, ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਸਾਲਾਂ ਸ਼ਹੀਦੀ ਸ਼ਤਾਬਦੀ ਮਨਾਉਣੀ ਤਾਂ ਹੀ ਸਾਰਥਕ ਸਿੱਧ ਹੋ ਸਕਦੀ ਹੈ, ਜੇਕਰ ਗੁਰੂ ਸਾਹਿਬ ਦੇ ਜੀਵਨ ਕਾਲ ਨਾਲ ਸਬੰਧਤ ਪੁਰਾਤਨ ਤੇ ਇਤਿਹਾਸਕ ਯਾਦਗਾਰਾਂ ਦੀ ਸੁੱਚਜੇ ਢੰਗ ਨਾਲ ਸਾਂਭ ਸੰਭਾਲ ਕਰਕੇ ਉਨ੍ਹਾਂ ਨੂੰ ਵਿਰਾਸਤੀ ਸਮਾਰਕਾਂ ਦਾ ਦਰਜਾ ਦਿੱਤਾ ਜਾਵੇ।ਇਸ ਮੁੱਦੇ ਸਬੰਧੀ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਸ.ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਇਟਿਡ ਸਿੱਖਜ਼ ਨੇ ਪੰਜਾਬ ਸਰਕਾਰ ਦਾ ਧਿਆਨ ਬੱਸੀਪਠਾਣਾਂ(ਜ਼ਿਲ੍ਹਾ ਫਤਿਹਗੜ੍ਹ) ਵਿਖੇ ਸਥਿਤ ਮੁਗਲ ਕਾਲ ਵੇਲੇ ਦੀ ਬਣੀ ਪੁਰਾਤਨ ਜੇਲ੍ਹ ਵੱਲ ਦਿਵਾਉਦਿਆ ਹੋਇਆ ਕਿਹਾ ਕਿ ਵੱਖ ਵੱਖ ਪ੍ਰਮੁੱਖ ਸਿੱਖ ਇਤਿਹਾਸਕਾਰਾਂ ਦੀ ਖੋਜ ਅਨੁਸਾਰ ਨੌਵੇਂ ਗੁਰੂ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣਨ ਉਪਰੰਤ ਜਦੋ ਸ੍ਰੀ ਅਨੰਦਪੁਰ ਸਾਹਿਬ ਤੋ ਦਿੱਲੀ ਤਖਤ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਲਈ ਆਪਣੇ ਪੰਜ ਸਿੱਖਾਂ ਨਾਲ ਰਵਾਨਾ ਹੋਏ ਤਾਂ ਰਸਤੇ ਵਿੱਚ ਰੋਪੜ ਪੁਲਿਸ ਚੌਕੀ ਦੇ ਦਰੋਗੇ ਨੂਰ ਮੁਹੰਮਦ ਖਾਂ ਮਿਰਜ਼ਾ ਨੇ ਪਿੰਡ ਮਲਿਕਪੁਰ ਰੰਘੜਾਂ ਦੇ ਰਹਿਣ ਵਾਲੇ ਰੰਘੜਾਂ ਵੱਲੋ ਕੀਤੀ ਮੁਖਬਰੀ ਦੇ ਆਧਾਰ ਤੇ ਉਨ੍ਹਾਂ ਨੂੰ ਪਰਗਨਾ ਘਨੌਲਾ ਤੋ ਸੰਮਤ1732 ਵਿੱਚ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਦੇ ਆਹਲਾ ਮੁਕੱਦਮ ਅੱਗੇ ਸਰਹੰਦ ਵਿੱਚ ਪੇਸ਼ ਕੀਤਾ ਅਤੇ ਉਸ ਨੇ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਾਥੀਆਂ ਸਮੇਤ ਬੱਸੀ ਪਠਾਣਾਂ ਦੀ ਉਕਤ ਇਤਿਹਾਸਕ ਜੇਲ੍ਹ ਅੰਦਰ ਬੰਦ ਕਰਨ ਦਾ ਹੁਕਮ ਦਿੱਤਾ, ਬੇਸ਼ਕ ਬਾਅਦ ਵਿੱਚ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਸਬੰਧੀ ਇਤਲਾਹ ਮਿਲਣ ਪਿੱਛੋਂ ਰਿਆਹ ਕਰਕੇ ਉਨ੍ਹਾਂ ਨੂੰ ਬਾਅਦਬ ਤਰੀਕੇ ਨਾਲ ਦਿੱਲੀ ਪੁੱਜਣ ਦੀ ਆਗਿਆ ਦੇ ਦਿੱਤੀ।ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਇਤਿਹਾਸਕਾਰਾਂ ਦੀ ਖੋਜ ਅਨੁਸਾਰ ਇਸ ਖਤ-ਉ- ਖਿਤਾਬਤ ਨੂੰ ਉਸ ਵੇਲੇ ਦੇ ਸਾਧਨਾਂ ਦੀ ਰਫਤਾਰ ਅਨੁਸਾਰ ਲਗਭਗ ਚਾਰ ਮਹੀਨੇ ਲੱਗ ਗਏ।ਇੰਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗਬਹਾਦਰ ਜੀ ਆਪਣੇ ਸਾਥੀਆਂ ਸਮੇਤ ਬੱਸੀ ਪਠਾਣਾਂ ਦੀ ਜੇਲ੍ਹ ਦੇ ਕੈਦਖਾਨੇ ਅੰਦਰ 4 ਮਹੀਨੇ ਤੱਕ ਕੈਦ ਰਹੇ ਤੇ ਇੱਥੇ ਹੀ ਅਕਾਲ ਪੁਰਖ ਦੀ ਬੰਦਗੀ ਕੀਤੀ ਅਤੇ ਆਪਣੀ ਰਿਹਾਈ ਉਪਰੰਤ ਬਹਾਦਰ ਗੜ ਤੇ ਪਟਿਆਲੇ ਦੇ ਰਸਤੇ ਸੰਗਤਾਂ ਨੂੰ ਤਾਰਦੇ ਹੋਏ ਆਗਰੇ ਦੇ ਰਸਤੇ ਦਿੱਲੀ ਵੱਲ ਚੱਲੇ ਗਏ।ਸੋ ਬੱਸੀ ਪਠਾਣਾਂ ਜੇਲ੍ਹ ਦੀ ਇਤਿਹਾਸਕ ਮਹੱਤਤਾ ਹੋਰ ਵੀ ਜਾਂਦੀ ਹੈ ਅਤੇ ਇਸੇ ਮੁੱਦੇ ਸਬੰਧੀ ਪਿਛਲੇ ਸਮੇਂ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਮਰਹੂਮ ਸ.ਬੀਰ ਦਵਿੰਦਰ ਸਿੰਘ ਨੇ ਬੜੇ ਜ਼ੋਰ ਸ਼ੋਰ ਨਾਲ ਆਪਣੀ ਆਵਾਜ਼ ਬੁਲੰਦ ਕਰਦਿਆਂ ਹੋਇਆ ਬੱਸੀ ਪਠਾਣਾਂ ਦੀ ਇਤਿਹਾਸਕ ਜੇਲ੍ਹ ਨੂੰ ਵਿਰਾਸਤ ਦੇ ਰੂਪ ਵੱਜੋ ਸੰਭਾਲਣ ਦੀ ਗੁਹਾਰ ਲਗਾਈ ਸੀ ਅਤੇ ਪੁਰਾਤਨ ਜੇਲ੍ਹ ਦਾ ਸਮੁੱਚਾ ਕਬਜ਼ਾ ਪ੍ਰਾਪਤ ਕਰਨ ਦੀ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਸੀ।ਪਰ ਸ੍ਰੋਮਣੀ ਕਮੇਟੀ ਨੇ ਆਪਣੇ ਫਰਜ਼ਾਂ ਦੀ ਅਦਾਇਗੀ ਪੂਰੀ ਸੁਹਿਰਦਤਾ ਨਾਲ ਨਹੀਂ ਕੀਤੀ ਅਤੇ ਪੰਜਾਬ ਸਰਕਾਰ ਨਾਲ ਲਿਖਤ ਪੜਤ ਕਰਨ ਦੀ ਆਪਣੀ ਪੈਰਵੀ ਯੋਜਨਾਬੱਧ ਢੰਗ ਨਾਲ ਨਾਂਹ ਕਰ ਸਕੀ ਅਤੇ ਨਾਂਹ ਹੀ ਦਿੱਲੀ ਦੀ ਕੋਤਵਾਲੀ ਵਾਂਗ ਹੀ ਬੱਸੀ ਪਠਾਣਾਂ ਦੀ ਜੇਲ੍ਹ ਅੰਦਰ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਯਾਦ ਸਥਾਪਤ ਕਰ ਸਕੀ। ਦੂਜੇ ਪਾਸੇ ਪੰਜਾਬ ਸਰਕਾਰ ਵੱਲੌਂ ਵੀ ਬੱਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਦੀ ਇਮਾਰਤ ਨੂੰ ਇੱਕ ਇਤਿਹਾਸਕ ਵਿਰਾਸਤ ਦੇ ਰੂਪ ਵੱਜੋ ਨਾਂਹ ਸੰਭਾਲਣ ਸਦਕਾ ਉਕਤ ਜੇਲ੍ਹ ਦੀਆਂ ਇਮਾਰਤਾਂ ਖੰਡਰ ਦਾ ਰੂਪ ਧਾਰਨ ਕਰਕੇ ਹੋਲੀ ਹੋਲੀ ਖੇਰੂੰ ਖੇਰੂੰ ਹੋ ਰਹੀਆਂ ਹਨ।ਜਿਸ ਨੂੰ ਦੇਖ ਕੇ ਜਿੱਥੇ ਗੁਰੂ ਦੀਆਂ ਸੰਗਤਾਂ ਬੜੀਆਂ ਭਾਵੁਕ ਹੋ ਜਾਦੀਆਂ ਹਨ।ਸ. ਅੰਮ੍ਰਿਤਪਾਲ ਸਿੰਘ ਨੇ ਕਿ ਅੱਜ ਲੋੜ ਹੈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਆਪਣੀ ਵਿਰਾਸਤ ਦੀ ਸੰਭਾਲ ਲਈ ਅੱਗੇ ਆਉਣ ਅਤੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੂੰ ਆਪਣਾ ਸੱਚਾ ਸਿੱਜਦਾ ਤੇ ਸਤਿਕਾਰ ਅਰਪਿਤ ਕਰਦਿਆਂ ਹੋਇਆ ਬੱਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਨੂੰ ਗੁਰੂ ਸਾਹਿਬ ਦੀ ਯਾਦ ਵਿੱਚ ਤਬਦੀਲ ਕਰਕੇ ਇਸ ਨੂੰ ਵਿਰਾਸਤੀ ਇਮਾਰਤ ਦਾ ਦਰਜਾ ਦਿਵਾਉਣ ਦਾ ਕਾਰਜ ਆਰੰਭ ਕਰਕੇ ਪੁਰਾਤੱਤਵ ਵਿਭਾਗ ਕੋਲੋ ਪੁਰਾਤਨ ਜੇਲ੍ਹ ਦੀ ਇਮਾਰਤ ਦੀ ਸੰਭਾਲ ਕਰਵਾਉਣ ਤਾਂ ਕਿ ਜੇਲ੍ਹ ਦੀਆਂ ਇਮਾਰਤਾਂ ਨੂੰ ਸੁਰੱਖਿਅਤ ਰੱਖ ਕੇ ਪੁਰਣੀ ਇਤਿਹਾਸਕ ਦਿੱਖ ਬਰਕਰਾਰ ਰੱਖੀ ਜਾ ਸਕੇ।ਉਨ੍ਹਾਂ ਨੇ ਪੰਜਾਬ ਸਰਕਾਰ ਤੋ ਇਹ ਵੀ ਮੰਗ ਕੀਤੀ ਕਿ ਬੱਸੀ ਪਠਾਣਾਂ ਸਹਿਰ ਨੂੰ ਪੰਜਾਬ ਦਾ ਸੈਰ ਸਪਾਟਾ ਵਿਭਾਗ ਵਿਰਾਸਤੀ ਟੂਰਿਜ਼ਮ ਯਾਤਰਾ ਦੇ ਨਕਸ਼ੇ ਉਪਰ ਵੀ ਲੈਕੇ ਆਉਣ ਲਈ ਯਤਨਸ਼ੀਲ ਹੋਵੇ ਤਾਂ ਕਿ ਦੇਸ਼ਾਂ ਵਿਦੇਸ਼ਾਂ ਤਰ੍ਹਾਂ ਆਉਣ ਵਾਲੀਆਂ ਸੰਗਤਾਂ ਅਤੇ ਟੂਰਿਸਟ ਆਪਣੀਆਂ ਵਿਰਾਸਤੀ ਇਮਰਤਾਂ ਨੂੰ ਨਿਹਾਰਕੇ ਆਪਣੇ ਇਤਿਹਾਸ ਨਾਲ ਜੁੜ ਸਕਣ।ਇਸ ਸਮੇਂ ਉਨ੍ਹਾਂ ਦੇ ਨਾਲ ਸ.ਭੁਪਿੰਦਰ ਸਿੰਘ ਮਕੱੜ ਅਤੇ ਯੂਨਾਈਟਿਡ ਸਿੱਖਜ਼ ਦੇ ਕਈਪ੍ਰਮੁੱਖ ਮੈਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।