ਚੰਡੀਗੜ੍ਹ - ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਹਾਣੀ ਵਿਧਾ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਨੇ ਕੀਤੀ ।
ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰਾਂ ਜਤਿੰਦਰ ਹਾਂਸ, ਦੀਪਤੀ ਬਬੂਟਾ ਅਤੇ ਤ੍ਰਿਪਤਾ ਕੇ. ਸਿੰਘ ਨੇ ਕਹਾਣੀ ਪਾਠ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ ।
ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੀ ਮੀਤ ਪ੍ਰਧਾਨ ਮਨਜੀਤ ਕੌਰ ਮੀਤ ਨੇ ਕਿਹਾ ਕਿ ਇਸ ਸੰਜੀਦਾ ਵਿਧਾ ਬਾਰੇ ਚਰਚਾ ਕਰਨੀ ਸਭਾ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ । ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਆਖਿਆ ਕਿ ਕਹਾਣੀ ਜ਼ਿੰਦਗੀ ਦੀਆਂ ਕਾਤਰਾਂ ਜੋੜ ਕੇ ਹੀ ਹੋਂਦ ਵਿੱਚ ਆਉਂਦੀ ਹੈ । ਜਤਿੰਦਰ ਹਾਂਸ ਨੇ ਆਪਣੀ ਬਹੁ ਚਰਚਿਤ ਕਹਾਣੀ ‘ਤੱਖੀ’ ਪੜ੍ਹੀ ਜਿਸ ਵਿੱਚ ਉਨ੍ਹਾਂ ਨੇ ਸਪੇਰਿਆਂ ਦੇ ਜੀਵਨ ਦਾ ਬਾਕਮਾਲ ਵਰਣਨ ਕੀਤਾ ਹੈ । ਉਨ੍ਹਾਂ ਕਿਹਾ ਕਿ ਸਮਾਜਿਕ ਤਾਣਾ ਬਾਣਾ ਸਾਨੂੰ ਹਰ ਪਹਿਲੂ ਨੂੰ ਸਮਝ ਕੇ ਕਹਾਣੀ ਸਿਰਜਣ ਦੇ ਸਮਰੱਥ ਕਰਦਾ ਹੈ ।
ਤ੍ਰਿਪਤਾ ਕੇ. ਸਿੰਘ ਨੇ ਆਪਣੀ ਕਹਾਣੀ ‘ਕਵਿਤਾ ਕਵੀ ਅਤੇ ਮੈਂ’ ਪੜ੍ਹੀ ਜਿਸ ਵਿਚ ਉਹਨਾਂ ਰਿਸ਼ਤਿਆਂ ਦੀਆਂ ਗੁੰਝਲਾਂ ਬਾਰੇ ਬੜੀ ਬੇਬਾਕੀ ਨਾਲ ਗੱਲ ਕੀਤੀ ਹੈ | ਉਹਨਾਂ ਕਿਹਾ ਕਿ ਸ਼ਬਦ ਕਦੇ ਸਾਥੋਂ ਰੁੱਸਣੇ ਨਹੀਂ ਚਾਹੀਦੇ |
ਦੀਪਤੀ ਬਬੂਟਾ ਨੇ ਇਕ ਜਜ਼ਬਾਤੀ ਕਹਾਣੀ ‘ਵਗਦੇ ਪਾਣੀ’ ਪੜ੍ਹਦਿਆਂ ਕਿਹਾ ਕਿ ਰੋਜ਼ੀ-ਰੋਟੀ ਵਾਸਤੇ ਵਿਦੇਸ਼ ਜਾਂਦੇ ਬੱਚਿਆਂ ਦੀ ਸੁਰੱਖਿਆ ਵੀ ਸਾਡੇ ਲਈ ਇਕ ਵੱਡੀ ਚੁਣੌਤੀ ਹੈ | ਉਹਨਾਂ ਇਹ ਵੀ ਆਖਿਆ ਕਿ ਘਟਨਾ ਅਤੇ ਵਿਚਾਰ ਦੀ ਦ੍ਰਿਸ਼ ਰੂਪ ਵਿਚ ਪੇਸ਼ਕਾਰੀ ਹੀ ਮਿਆਰੀ ਕਹਾਣੀ ਬਣਦੀ ਹੈ | ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਇਕ ਚੰਗੀ ਕਹਾਣੀ ਸਾਨੂੰ ਆਪਣੇ ਨਾਲ ਵਹਾਅ ਕੇ ਲੈ ਜਾਂਦੀ ਹੈ |
ਮੁੱਖ ਮਹਿਮਾਨ ਵਜੋਂ ਬੋਲਦਿਆਂ ਕਰਨਲ ਜਸਬੀਰ ਭੁੱਲਰ ਨੇ ਕਿਹਾ ਕਿ ਦੁਨੀਆਂ ਦੀ ਪਹਿਲੀ ਕਹਾਣੀ ਪਿਆਰ ਦੀ ਸੀ ਤੇ ਆਖ਼ਰੀ ਕਹਾਣੀ ਵੀ ਪਿਆਰ ਦੀ ਹੀ ਹੋਵੇਗੀ | ਉਹਨਾਂ ਕਿਹਾ ਕਿ ਅਸੀਂ ਜ਼ਿੰਦਗੀ ਕੋਲੋਂ ਕਹਾਣੀਆਂ ਲਿਖਣੀਆਂ ਸਿੱਖਦੇ ਹਾਂ ਜਿਹੜੀਆਂ ਅਤੀਤ ਰਾਹੀਂ ਹਾਜ਼ਿਰ ਹੁੰਦੀਆਂ ਹਨ |
ਕਰਨਲ ਜਸਬੀਰ ਭੁੱਲਰ ਨੇ ਕਿਹਾ ਕਿ ਕਹਾਣੀ ਵਾਧੂ ਭਾਰ ਨਹੀਂ ਝੱਲਦੀ ਕਿਓਂਕਿ ਵਿਸ਼ੇ ਵਸਤੂ ਤੋਂ ਲਾਂਭੇ ਹੋ ਕੇ ਕਹਾਣੀ ਦੀ ਵਿਧਾ ਨਾਲ ਇਨਸਾਫ਼ ਨਹੀਂ ਹੋ ਸਕਦਾ |
ਧੰਨਵਾਦੀ ਸ਼ਬਦਾਂ ਵਿਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਿਹਾ ਕਿ ਕਹਾਣੀ ਹਰ ਰੂਪ ਵਿਚ ਜ਼ਿੰਦਗੀ ਦੇ ਨਾਲ ਨਾਲ ਤੁਰਦੀ ਹੈ | ਅੱਜ ਦੇ ਇਸ ਸਮਾਗਮ ਵਿੱਚ ਸਾਹਿਤ ਜਗਤ ਦੀਆਂ ਕਈ ਵੱਡੀਆਂ ਸ਼ਖ਼ਸੀਅਤਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਜੰਗ ਬਹਾਦਰ ਗੋਇਲ, ਡਾ. ਦਵਿੰਦਰ ਦਮਨ, ਸੁਰਿੰਦਰ ਸ਼ਰਮਾ, ਬਲਕਾਰ ਸਿੱਧੂ, ਪਰਵੇਸ਼ ਸ਼ਰਮਾ, ਗੁਰਨਾਮ ਕੰਵਰ, ਰਮਨ ਸੰਧੂ, ਹਰਪ੍ਰੀਤ ਸਿੰਘ ਚਨੂੰ, ਯਤਿੰਦਰ ਮਾਹਲ, ਗੋਵਰਧਨ ਗੱਬੀ, ਪਰਮਜੀਤ ਮਾਨ, ਡਾ. ਦਵਿੰਦਰ ਸਿੰਘ ਬੋਹਾ, ਪਾਲ ਅਜਨਬੀ, ਡਾ. ਗੁਰਮੇਲ ਸਿੰਘ, ਮਨਜੀਤ ਕੌਰ ਮੀਤ, ਸੁਰਿੰਦਰ ਬਾਂਸਲ, ਹਰਮਿੰਦਰ ਕਾਲੜਾ, ਅਮਰਾਓ ਸਿੰਘ ਗਿੱਲ, ਸਰਬਜੀਤ ਸਿੰਘ, ਗੁਰਮੀਤ ਸਿੰਗਲ, ਅਮਰਜੀਤ ਅਰਪਨ, ਚਰਨਜੀਤ ਕੌਰ ਬਾਠ, ਸੁਖਵਿੰਦਰ ਸਿੰਘ, ਬਾਜਵਾ ਸਿੰਘ ਅਫ਼ਰੀਕਾ, ਕੰਵਲਦੀਪ ਕੌਰ, ਮਿੰਨੀ ਸਰਕਾਰੀਆ, ਮੀਤ ਰੰਗਰੇਜ਼, ਅਤਰ ਸਿੰਘ ਖੁਰਾਣਾ, ਲਾਭ ਸਿੰਘ ਲੈਹਲੀ, ਸੁਰਿੰਦਰ ਕੁਮਾਰ, ਗੁਰਮਾਨ ਸੈਣੀ, ਅਜਾਇਬ ਸਿੰਘ ਔਜਲਾ, ਨੀਰਜ ਪਾਂਡੇ, ਰਿਆਜ਼ਾ ਬਬੂਟਾ, ਡਾ. ਮਨਜੀਤ ਸਿੰਘ ਬੱਲ, ਮਲਕੀਅਤ ਬਸਰਾ, ਰੈਕਟਰ ਕਥੂਰੀਆ, ਕਾਰਤਿਕਾ ਸਿੰਘ, ਨਵਨੀਤ ਕੌਰ ਮਠਾੜੂ, ਡਾ. ਨੀਨਾ ਸੈਣੀ, ਡਾ. ਰੇਖਾ ਮਿੱਤਲ, ਅਜੀਤ ਸਿੰਘ ਧਨੋਤਾ, ਪਵਨਦੀਪ ਚੌਹਾਨ, ਸਮਸ਼ੀਲ ਸਿੰਘ ਸੋਢੀ, ਨਰਿੰਦਰ ਕੌਰ ਨਸਰੀਨ, ਗੁਰਜੰਟ ਸਿੰਘ ਸਰਹੱਦੀ, ਸੰਦੀਪ ਕੌਰ, ਸਨਮੀਤ ਕੌਰ, ਸੁਰਿੰਦਰ ਪਾਲ ਝੱਲ, ਤਲਵਿੰਦਰ ਸਿੰਘ, ਮਨਜੀਤ ਕੌਰ, ਸੁਰਿੰਦਰ ਸਿੰਘ ਕੰਗਣੀ, ਪਰਮਿੰਦਰ ਸਿੰਘ ਮਦਾਨ, ਗੁਰਮੀਤ ਸਿੰਘ, ਵਿਜੇ ਕੁਮਾਰ, ਜਗਤਾਰ ਸਿੰਘ ਜੋਗ ਅਤੇ ਹਰਜੀਤ ਸਿੰਘ ਦੇ ਨਾਮ ਕਾਬਿਲੇ ਜ਼ਿਕਰ ਹਨ ।